ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 23 ਮਈ
ਇਥੋਂ ਦੇ ਮੁਹੱਲਾ ਦਸਮੇਸ਼ ਨਗਰ ਵਾਸੀ ਪਵਨ ਕੁਮਾਰ (40) ਪੁੱਤਰ ਕ੍ਰਿਸ਼ਨ ਚੰਦ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਮਾਤਾ ਰਚਨਾ ਨੇ ਦੱਸਿਆ ਕਿ ਉਸ ਦਾ ਇੱਕੋ ਇੱਕ ਪੁੱਤ ਪਵਨ ਕੁਮਾਰ ਪ੍ਰਾਈਵੇਟ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਚਲਾਉਂਦਾ ਸੀ। ਕਰੀਬ 6 ਮਹੀਨਿਆਂ ਤੋਂ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ ਅਤੇ ਹਰ ਰੋਜ਼ ਨਸ਼ਾ ਕਰਨ ਲਈ ਆਦਮਪੁਰ ਦੇ ਮੁੱਹਲਾ ਸੱਗਰਾਂ ’ਚ ਜਾਂਦਾ ਸੀ । ਆਦਮਪੁਰ ਵਿੱਚ ਪਿਛਲੇ 10 ਦਿਨਾਂ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।ਪਵਨ ਦੀ ਮਾਂ ਨੇ ਦੱਸਿਆ ਕਿ ਬੀਤੇ ਦਿਨੀਂ ਕਿਸੇ ਵਿਅਕਤੀ ਦਾ ਫੋਨ ਆਇਆ ਤੇ ਪਵਨ ਘਰੋਂ ਪੈਸੇ ਲੈ ਕੇ ਚਲਾ ਗਿਆ। ਕਾਫੀ ਸਮੇਂ ਬਾਅਦ ਘਰ ਨਾ ਆਉਣ ’ਤੇ ਪਵਨ ਦੇ ਮੋਬਾਇਲ ਫੋਨ ਉੱਤੇ ਕਈ ਵਾਰ ਫੋਨ ਕੀਤਾ ਪਰ ਉਸ ਨੇ ਨਹੀਂ ਚੁੱਕਿਆ ਤੇ ਸਾਰੀ ਰਾਤ ਪਵਨ ਨਹੀਂ ਆਇਆ। ਮਾਤਾ ਨੇ ਕਿਹਾ ਕਿ ਦੂਜੇ ਦਿਨ ਪਵਨ ਨੂੰ ਨਸ਼ੇ ਦੀ ਹਾਲਤ ਵਿੱਚ ਕਰੀਬ ਤਿੰਨ ਨੌਜਵਾਨ ਘਰ ਛੱਡ ਕੇ ਗਏ ਤੇ ਉਸ ਦੀ ਜੇਬ ਵਿੱਚੋਂ ਨਸ਼ਾ ਕੱਢ ਕੇ ਵਾਪਿਸ ਚਲੇ ਗਏ। ਉਸ ਤੋਂ ਬਾਅਦ ਪਵਨ ਨੇ ਦੱਸਿਆ ਕਿ ਇਹ ਵਿਆਕਤੀ ਚਿੱਟਾ ਵੇਚਦੇ ਹਨ ’ਤੇ ਇਨ੍ਹਾਂ ਨੇ ਉਸਨੂੰ ਓਵਰਡੋਜ਼ ਨਸ਼ਾ ਦਿੱਤਾ ਹੈ। ਇਸ ਤੋਂ ਬਾਅਦ ਉਸ ਦੇ ਪੁੱਤਰ ਦੀ ਹਾਲਤ ਖਰਾਬ ਹੋ ਗਈ. ਉਸ ਨੂੰ ਤੁਰੰਤ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਉਸ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਰੈਫਰ ਕੀਤੀ ਜਿੱਥੇ ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ । ਉਨ੍ਹਾਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਦੱਸਣਯੋਗ ਹੈ ਕਿ ਆਦਮਪੁਰ ਵਿੱਚ ਪਿਛਲੇ 10 ਦਿਨਾਂ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਮ੍ਰਿਤਕ ਪਵਨ ਦੀ ਮਾਤਾ ਦੀ ਸ਼ਰੇਆਮ ਨਸ਼ਾ ਤਸਕਰ ਦਾ ਨਾਮ ਲੈਂਦੀ ਦੀ ਵੀਡੀਓ ਵੀ ਵਾਇਰਲ ਹੋਈ ਹੈ ਪਰ ਆਦਮਪੁਰ ਪੁਲੀਸ ਵਲੋਂ ਅੱਜੇ ਤੱਕ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਨਸ਼ਾ ਤਸਕਰ ਸਲਾਖਾਂ ਪਿੱਛੇ ਹੋਣਗੇ ਬੰਦ: ਡੀਐੱਸਪੀ
ਇਸ ਮਾਮਲੇ ਸਬੰਧੀ ਡੀਐੱਸਪੀ ਆਦਮਪੁਰ ਅਜੇ ਗਾਂਧੀ ਨੇ ਕਿਹਾ ਕਿ ਪੁਲੀਸ ਇਲਾਕੇ ਦੇ ਸਾਰੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰ ਰਹੀ ਹੈ ਤੇ ਛੇਤੀ ਹੀ ਸਾਰੇ ਮੁਲਜ਼ਮ ਸਲਾਖਾਂ ਪਿੱਛੇ ਬੰਦ ਹੋਣਗੇ।