ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਅਪਰੈਲ
ਕਮਿਸ਼ਨਰੇਟ ਪੁਲੀਸ ਨੇ ਨਸ਼ੇ ਦੀ ਸਪਲਾਈ ਅਤੇ ਮੋਬਾਈਲ ਖੋਹਣ ਵਿੱਚ ਸ਼ਾਮਲ ਇਕ ਗਰੋਹ ਦਾ ਪਰਦਾਫਾਸ਼ ਕਰਦਿਆਂ ਉਸ ਕੋਲੋਂ 12 ਗਰਾਮ ਡਰੱਗ (ਸਮੈਕ) ਅਤੇ 27 ਮੋਬਾਈਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਨਸ਼ੇ ਕਰਨ ਵਾਲੇ ਲੋਕਾਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਗਰੋਹ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਪੁਲੀਸ ਜੇਐੱਸ ਤੇਜਾ ਅਤੇ ਏਸੀਪੀ ਵਰਿਆਮ ਸਿੰਘ ਵਲੋਂ ਐੱਸਐੱਚਓ ਬਸਤੀ ਬਾਵਾ ਖੇਲ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਦਾ ਗਠਨ ਕੀਤਾ ਗਿਆ ਜਿਸ ਵਲੋਂ ਜਾਲ ਵਿਛਾ ਕੇ ਰਾਜ ਨਗਰ ਦੇ ਸ਼ਿਵ ਮੰਦਰ ਕੋਲੋਂ ਡਰੱਗ ਸਪਲਾਈ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਸ਼ਾ ਸਪਲਾਈ ਕਰਨ ਵਾਲੇ ਦੀ ਪਛਾਣ ਸੌਰਵ ਪੁੱਤਰ ਪ੍ਰਮੋਦ ਕੁਮਾਰ ਵਜੋਂ ਹੋਈ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਇਸ ਅਪਰਾਧ ਵਿੱਚ ਸ਼ਾਮਲ ਸੀ। ਸ੍ਰੀ ਤੂਰ ਨੇ ਦੱਸਿਆ ਕਿ ਨਸ਼ਾ ਸਪਲਾਈ ਕਰਨ ਵਾਲੇ ਨੂੰ ਪੁਲੀਸ ਵੱਲੋਂ ਸਾਲ 2021 ਵਿੱਚ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਅੰਮ੍ਰਿਤਸਰ ਦੇ ਕਾਕਾ ਦੇ ਸੰਪਰਕ ਵਿੱਚ ਆ ਗਿਆ ਜੋ ਉਸ ਨੂੰ ਅਤੇ ਉਸ ਦੇ ਭਰਾ ਨੂੰ ਨਸ਼ਾ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਮੁਲਜ਼ਮ ਪਾਸੋਂ ਇਕ ਟੈਬ ਤੋਂ ਇਲਾਵਾ 27 ਮੋਬਾਈਲ ਬਰਾਮਦ ਕੀਤੇ ਗਏ ਹਨ।
ਢਾਈ ਕਿੱਲੋਂ ਅਫੀਮ ਸਣੇ ਦੋ ਗ੍ਰਿਫਤਾਰ
ਧਾਰੀਵਾਲ (ਪੱਤਰ ਪ੍ਰੇਰਕ): 2 ਕਿਲੋ 600 ਗ੍ਰਾਮ ਅਫੀਮ ਸਣੇ ਇਕ ਟਰੱਕ ਸਵਾਰ ਦੋ ਵਿਅਕਤੀਆਂ ਨੂੰ ਇਥੋਂ ਨਜ਼ਦੀਕੀ ਥਾਣਾ ਤਿੱਬੜ ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਇਥੇ ਜੀਟੀ ਰੋਡ ਉਪਰ ਅਕਾਲ ਅਕੈਡਮੀ ਨੇੜੇ ਪੁਲੀਸ ਦੀ ਟੀਮ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਪੁੱਲ ਸਠਿਆਲੀ ਵਾਲੇ ਪਾਸੇ ਤੋਂ ਆਏ ਇੱਕ ਟਰੱਕ ਨੰਬਰੀ ਪੀਬੀ 06 ਏ ਐਸ 7407 ਨੂੰ ਰੋਕ ਕੇ ਪੁਲੀਸ ਨੇ ਤਲਾਸ਼ੀ ਲਈ ਤਾਂ ਕਡੰਕਟਰ ਸਾਈਡ ਬੈਠੇ ਵਿਅਕਤੀ ਦੇ ਪੈਰਾਂ ਵਿਚਕਾਰ ਪਏ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ ਹੈ। ਟਰੱਕ ਸਵਾਰ ਦੋਵਾਂ ਮੁਲਜ਼ਮਾਂ ਦੀ ਪਛਾਣ ਸੰਦੀਪ ਮਸੀਹ ਵਾਸੀ ਸ੍ਰੀ ਹਰਗੋਬਿੰਦਪੁਰ ਅਤੇ ਰਜਿੰਦਰ ਸਿੰਘ ਵਾਸੀ ਸਦਾਰੰਗ ਥਾਣਾ ਰੰਗੜ ਨੰਗਲ ਵਜੋਂ ਹੋਈ।