ਹਰਪ੍ਰੀਤ ਕੌਰ
ਹੁਸ਼ਿਆਰਪੁਰ, 29 ਸਤੰਬਰ
ਜ਼ਿਲ੍ਹਾ ਪੁਲੀਸ ਨੇ 10 ਲੱਖ 90 ਹਜ਼ਾਰ ਰੁਪਏ ਡਰੱਗ ਮਨੀ ਅਤੇ 70 ਗਰਾਮ ਹੈਰੋਇਨ ਸਮੇਤ 3 ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਐੱਸਪੀ (ਡੀ) ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਡੀਐੱਸਪੀ (ਡੀ) ਰਾਕੇਸ਼ ਕੁਮਾਰ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੇ ਕਮੇਟੀ ਘਰ ਟੀ ਪੁਆਇੰਟ ਨੇੜੇ ਨਾਕਾ ਲਾ ਕੇ 3 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ’ਤੇ ਪਹਿਲਾਂ ਵੀ ਐੱਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪਵਿੱਤਰ ਸਿੰਘ ਵਾਸੀ ਪਿੰਡ ਹਸਲਪੁਰ ਪਟਿਆਲਾ, ਸੰਜੇ ਯਾਦਵ ਵਾਸੀ ਵਾਰਡ ਨੰਬਰ 14 ਸੁੰਦਰ ਬਸਤੀ ਪਾਤੜਾਂ, ਨਰਿੰਦਰ ਸਿੰਘ ਵਾਸੀ ਪਿੰਡ ਭਾਮੀਆਂ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਐੱਸਪੀ ਸੰਧੂ ਨੇ ਦੱਸਿਆ ਕਿ ਸਮੱਗਲਰਾਂ ਦਾ ਮੁੱਖ ਸਰਗਨਾ ਅਮਰੀਕ ਸਿੰਘ ਵਾਸੀ ਸਰਹਿੰਦ ਰੋਡ ਪਟਿਆਲਾ, ਜਿਸ ਦੇ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਹਨ, ਪੁਲੀਸ ਨੂੰ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਅਮਰੀਕ ਖਿਲਾਫ਼ ਥਾਣਾ ਮਾਹਿਲਪੁਰ ਵਿਚ 8 ਕਿੱਲੋ ਹੈਰੋਇਨ ਦਾ ਕੇਸ ਦਰਜ ਹੈ ਅਤੇ ਪੁਲੀਸ ਟੀਮਾਂ ਵੱਲੋਂ ਉਸ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਗਲਰਾਂ ਕੋਲੋਂ ਕਰੇਟਾ ਕਾਰ (ਐੱਚਆਰ-06-ਜ਼ੈੱਡ 9009) ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਵਿੱਤਰ ਸਿੰਘ ਖ਼ਿਲਾਫ਼ 4 ਕੇਸ ਦਰਜ ਹਨ ਅਤੇ 2 ਕੇਸਾਂ ਵਿਚ ਉਸ ਨੂੰ ਸਜ਼ਾ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਇਕ ਵਿਚ ਉਹ ਜ਼ਮਾਨਤ ’ਤੇ ਹੈ। ਸੰਜੇ ਯਾਦਵ ਖਿਲਾਫ਼ ਐੱਨਡੀਪੀਐਸ ਐਕਟ ਦੇ 8 ਕੇਸ ਦਰਜ ਹਨ ਜਿਨ੍ਹਾਂ ਵਿਚੋਂ ਇਕ ਵਿਚ ਸਜ਼ਾ ਹੋ ਚੁੱਕੀ ਹੈ ਅਤੇ ਉਹ ਜ਼ਮਾਨਤ ’ਤੇ ਸੀ।
ਨਸ਼ੇ ਦੇ ਕਾਰੋਬਾਰ ਦੇ ਦੋਸ਼ ਹੇਠ ਛੇ ਕਾਬੁੂ
ਅੰਮ੍ਰਿਤਸਰ: ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ ਹੇਠ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਕੁਝ ਹੈਰੋਇਨ, ਅਫੀਮ, ਡਰਗ ਮਨੀ ਅਤੇ ਕਾਰ ਬਰਾਮਦ ਹੋਈ ਹੈ। ਇਨਾਂ ਖਿਲਾਫ੍ਹ ਪੁਲੀਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੋਤੀ, ਮਨਦੀਪ ਸਿੰਘ ਉਰਫ ਮੋਨੂੰ, ਹਰਦੀਪ ਸਿੰਘ, ਸੰਨੀ ਉਰਫ ਵਰਿੰਦਰ ਸਿੰਘ, ਰਵਿੰਦਰ ਸਿੰਘ ਅਤੇ ਨਵਦੀਪ ਸਿੰਘ ਉਰਫ ਦੀਪ ਵਜੋਂ ਹੋਈ ਹੈ। ਪੁਲੀਸ ਨੇ ਇਨਾਂ ਕੋਲੋਂ ਕਾਰ, 50 ਗਰਾਮ ਹੈਰੋਇਨ, 8 ਗਰਾਮ ਅਫੀਮ, 38 ਹਜ਼ਾਰ ਰੁਪਏ ਦੀ ਨਕਦੀ, ਭਾਰ ਤੋਲਣ ਵਾਲਾ ਕੰਪਿਊਰੀਕ੍ਰਿਤ ਕੰਢਾ ਬਰਾਮਦ ਕੀਤਾ ਹੈ। ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। -ਟਨਸ