ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 21 ਜੂਨ
ਇੱਥੇ ਅੱਜ ਗੜ੍ਹਸ਼ੰਕਰ ਚੰਡੀਗੜ੍ਹ ਮੁੱਖ ਮਾਰਗ ਤੇ ਉੱਤਰ ਪ੍ਰਦੇਸ਼ ਤੋਂ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਸੰਤੋਖਗੜ੍ਹ (ਊਨਾ) ਜਾ ਰਹੀ ਮਹਿੰਦਰਾ ਜੀਪ ਸਵੇਰ ਸਮੇਂ ਗੜ੍ਹਸ਼ੰਕਰ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਦਰਜਨ ਦੇ ਕਰੀਬ ਵਿਅਕਤੀ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਗੰਭੀਰ ਜ਼ਖ਼ਮੀ ਮੁਕੇਸ਼ ਕੁਮਾਰ, ਰਵੀ ਅਤੇ ਬੁਧੀਆ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਗੱਡੀ ਦੇ ਚਾਲਕ ਦਵਿੰਦਰ ਨੇ ਦੱਸਿਆ ਕਿ ਉਹ ਮਹਿੰਦਰ ਪਿੱਕ-ਅੱਪ ਜੀਪ ਨੰਬਰ ਵਿਚ ਪੀਬੀ 07 ਬੀਐਸ 6837 ਸਵਾਰੀਆਂ ਲੈ ਕੇ ਮੁਰਾਦਾਬਾਦ,ਜ਼ਿਲ੍ਹਾ ਸੰਬਲ (ਉੱਤਰ ਪ੍ਰਦੇਸ਼) ਤੋਂ ਸੰਤੋਖਗੜ੍ਹ (ਊਨਾ) ਵੱਲ ਜਾ ਰਿਹਾ ਸੀ ਤਾਂ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ ’ਤੇ ਸ਼ਹਿਰ ਤੋਂ ਪਹਿਲਾਂ ਹੀ ਅਚਾਨਕ ਗੱਡੀ ਸੜਕ ਕਿਨਾਰੇ ਪੁਲੀ ਵਿਚ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਸਵਾਰ ਪਰਵਾਸੀ ਲੋਕ ਸੰਤੋਖਗੜ੍ਹ (ਊਨਾ) ਤੇ ਹੋਰ ਵੱਖ-ਵੱਖ ਥਾਵਾਂ ’ਤੇ ਝੋਨਾ ਲਾਉਣ ਤੇ ਹੋਰ ਕੰਮਾਂ ਲਈ ਰੋਜ਼ੀ ਰੋਟੀ ਕਮਾਉਣ ਲਈ ਕੰਮ ਕਰਨ ਘਰਾਂ ਤੋਂ ਆਏ ਹਨ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸੜਕ ਕਿਨਾਰੇ ਦੂਸਰੇ ਪਾਸੇ ਜਾ ਕੇ ਪੁਲੀ ਮੁੱਢੋਂ ਪੁੱਟ ਸੁੱਟੀ ਤੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਅਗਲੀ ਕਾਰਵਾਈ ਅਰੰਭ ਦਿੱਤੀ।
ਭੂੰਗ ਨਾਲ ਭਰੀ ਟਰਾਲੀ ਸਣੇ ਟਰੈਕਟਰ ਪਲਟਿਆ
ਬਲਾਚੌਰ (ਸੁਭਾਸ਼ ਜੋਸ਼ੀ): ਨਜ਼ਦੀਕੀ ਬਾਬਾ ਰੋਸ਼ਨ ਸਾਹ ਪੀਰ ਨੈਸ਼ਨਲ ਹਾਈਵੇ ਉਪਰ ਬਹੱਦ ਰਕਬਾ ਪਿੰਡ ਗੜ੍ਹੀ ਕਾਨੂੰਗੋ ’ਤੇ ਬੀਤੀ ਰਾਤ ਭੂੰਗ ਨਾਲ ਭਰੀ ਟਰਾਲੀ ਦੇ ਸਮੇਤ ਟਰੈਕਟਰ ਪਲਟ ਗਿਆ। ਇਸ ਕਾਰਨ ਟਰੈਕਟਰ ਡਰਾਈਵਰ ਦਾ ਬਚਾਅ ਰਿਹਾ, ਮਗਰ ਕਾਫੀ ਸਮਾਂ ਨੈਸ਼ਨਲ ਹਾਈਵੇ ’ਤੇ ਟਰੈਫਿਕ ਵਿੱਚ ਵਿਘਨ ਪਿਆ ਰਿਹਾ। ਮੌਕੇ ’ਤੇ ਪੁੱਜੇ ਟਰੈਫਿਕ ਇੰਚਾਰਜ ਏਐੱਸਆਈ ਜੋਗਿੰਦਰ ਪਾਲ ਦੀ ਟੀਮ ਜਿਸ ਵਿੱਚ ਏਐੱਸਆਈ ਕੇਵਲ ਰਾਮ ਅਤੇ ਪੀਐੱਚਸੀ ਮੱਖਣ ਸਿੰਘ ਨੇ ਕਾਫ਼ੀ ਮੁਸ਼ੱਕਤ ਮਗਰੋਂ ਨੈਸ਼ਨਲ ਹਾਈਵੇਅ ਦੀ ਟਰੈਫਿਕ ਸੰਚਾਰੂ ਰੂਪ ਵਿੱਚ ਚਾਲੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਭੰਗ ਨਾਲ ਭਰੀ ਟਰਾਲੀ ਦਾ ਟਰੈਕਟਰ ਡਰਾਈਵਰ ਜਦ ਨੈਸ਼ਨਲ ਹਾਈਵੇਅ ਨੇੜੇ ਰੋਸ਼ਨ ਸ਼ਾਹ ਪੀਰ ਦੇ ਅਸਥਾਨ ਕੋਲ ਪੁੱਜਾ ਤਾਂ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਟਰਾਲੀ ਸਮੇਤ ਟਰੈਕਟਰ ਹਾਈਵੇਅ ਵਿਚਕਾਰ ਪਲਟ ਗਿਆ। ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।