ਜਗਜੀਤ ਸਿੰਘ
ਮੁਕੇਰੀਆਂ, 19 ਜੂਨ
ਕਿਸਾਨ ਝੋਨੇ ਤੇ ਗੰਨੇ ਦੀ ਫਸਲ ਲਈ ਮਹਿੰਗੇ ਮੁੱਲ ਦੀ ਯੂਰੀਆ ਖਾਦ ਅਤੇ ਵਾਧੂ ਦੀਆਂ ਦਵਾਈਆਂ ਖਰੀਦਣ ਲਈ ਮਜਬੂਰ ਹਨ। ਸਰਕਾਰੀ ਹਦਾਇਤਾਂ ਅਨੁਸਾਰ ਸਹਿਕਾਰੀ ਸਭਾਵਾਂ ਨੂੰ ਕੁੱਲ ਕੋਟੇ ਦਾ 60 ਫੀਸਦੀ ਅਤੇ ਡੀਲਰਾਂ ਨੂੰ 40 ਫੀਸਦੀ ਖਾਦ ਮਿਲਣੀ ਹੁੰਦੀ ਹੈ ਪਰ ਡੀਲਰਾਂ ਦੀਆਂ ਦੁਕਾਨਾਂ ਤੇ ਗੁਦਾਮ ਖਾਦ ਨਾਲ ਭਰੇ ਪਏ ਹਨ ਤੇ ਸਹਿਕਾਰੀ ਸਭਾਵਾਂ ਹਾਲੇ ਵੀ ਖਾਦ ਨੂੰ ਤਰਸ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਨੂੰ ਡੀਲਰਾਂ ਤੋਂ 266.50 ਰੁਪਏ ਵਾਲੀ ਖਾਦ 280/290 ਰੁਪਏ ਅਤੇ ਵਾਧੂ ਦਵਾਈਆਂ ਨਾਲ ਲੈਣੀਆਂ ਪੈ ਰਹੀਆਂ ਹਨ। ਦੂਜੇ ਪਾਸੇ ਕਿਸਾਨ ਪੱਖੀ ਹੋਣ ਦੇ ਦਾਅਵੇ ਕਰਨ ਵਾਲਾ ਕਿਸਾਨ ਭਲਾਈ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਨੇ ਦੱਸਿਆ ਕਿ ਇਲਾਕੇ ਦੀਆਂ ਪੁਰਾਣਾ ਭੰਗਾਲਾ, ਹਯਾਤਪੁਰ, ਮੰਜਪੁਰ, ਛੰਨੀਨੰਦ ਸਿੰਘ, ਨੌਸ਼ਹਿਰਾ ਪੱਤਣ ਸਮੇਤ ਲਗਪਗ ਸਾਰੀਆਂ ਹੀ ਸੁਸਾਇਟੀਆਂ ਵਿੱਚ ਯੂਰੀਆ ਖਾਦ ਨਹੀਂ ਹੈ। ਮਜਬੂਰੀ ਵੱਸ ਕਿਸਾਨਾਂ ਨੂੰ ਡੀਲਰਾਂ ਕੋਲੋਂ 266.50 ਰੁਪਏ ਵਾਲਾ ਯੂਰੀਆ ਖਾਦ ਦਾ ਥੈਲਾ 280/290 ਰੁਪਏ ਦਾ ਲੈਣਾ ਪੈ ਰਿਹਾ ਹੈ। ਡੀਲਰਾਂ ਵਲੋਂ ਕਿਸਾਨਾਂ ਨੂੰ ਯੂਰੀਆ ਖਾਦ ਦੇ ਨਾਲ ਜ਼ਿੰਕ ਤੇ ਹੋਰ ਦਵਾਈਆਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਹੜਾ ਕਿਸਾਨ ਇਹ ਦਵਾਈਆਂ ਨਹੀਂ ਲੈਂਦਾ, ਉਸ ਨੂੰ ਖਾਦ ਤੋਂ ਕੋਰੀ ਨਾਂਹ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਭਾ ਦੇ ਉਪ ਪ੍ਰਧਾਨ ਸ਼ਮਿੰਦਰ ਸਿੰਘ ਨੇ ਹਾਜੀਪੁਰ ਵਿਚ ਇੱਕ ਖਾਦ ਡੀਲਰ ਜੋ ਆੜ੍ਹਤੀਆ ਵੀ ਹੈ, ਕੋਲੋਂ ਖਾਦ ਲੈਣੀ ਚਾਹੀ ਤਾਂ ਉਨ੍ਹਾਂ ਦਵਾਈਆਂ ਤੋਂ ਬਿਨਾਂ ਯੂਰੀਆ ਖਾਦ ਦੇਣ ਤੋਂ ਮਨ੍ਹਾ ਕਰ ਦਿੱਤਾ ਅਤੇ ਦਿੱਤੀ ਜਾ ਰਹੀ ਦਵਾਈ ਵੀ ਪ੍ਰਿੰਟ ਰੇਟ ਤੋਂ ਵੱਧ ਰੇਟ ’ਤੇ ਦਿੱਤੀ। ਜਦੋਂ ਉਨ੍ਹਾਂ ਡੀਲਰ ਨੂੰ ਐਸਡੀਐਮ ਮੁਕੇਰੀਆਂ ਵਲੋਂ ਪ੍ਰਿੰਟ ਰੇਟ ਤੋਂ ਵੱਧ ਮੁੱਲ ’ਤੇ ਦਵਾਈ ਨਾ ਦੇਣ ਦੀ ਹਦਾਇਤ ਦੱਸੀ ਤਾਂ ਉਨ੍ਹਾਂ ਖਾਦ ਐਸਡੀਐਮ ਕੋਲੋਂ ਹੀ ਲੈਣ ਦਾ ਆਖ ਕੇ ਖਾਦ ਦੇਣ ਤੋਂ ਮਨ੍ਹਾ ਕਰ ਦਿੱਤਾ।
ਪੰਜਢੇਰਾਂ ਬਹੁ ਮੰਤਵੀ ਸਹਿਕਾਰੀ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਉਹ ਸੁਸਾਇਟੀ ਵਿੱਚ ਲੋੜ ਅਨੁਸਾਰ ਖਾਦ ਨਾ ਮਿਲਣ ਬਾਰੇ ਕਈ ਵਾਰ ਸਹਾਇਕ ਰਜਿਸਟਰਾਰ ਤੇ ਜ਼ਿਲ੍ਹਾ ਰਸਿਜਟਰਾਰ ਨੂੰ ਸ਼ਿਕਾਇਤ ਦੇ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨਾਂ ਦੋਸ਼ ਲਗਾਇਆ ਕਿ ਸਹਿਕਾਰੀ ਵਿਭਾਗ ਤੇ ਖੇਤੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਹਿਕਾਰੀ ਸਭਾਵਾਂ ਨੂੰ ਘੱਟ ਖਾਦ ਅਤੇ ਡੀਲਰਾਂ ਨੂੰ ਵੱਧ ਸਪਲਾਈ ਦਿੱਤੀ ਜਾ ਰਹੀ ਹੈ।
ਪ੍ਰਿੰਟ ਰੇਟ ਤੋਂ ਵੱਧ ਖਾਦ ਤੇ ਦਵਾਈਆਂ ਨਹੀਂ ਵੇਚ ਸਕਦੇ: ਡਾਇਰੈਕਟਰ
ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ (ਵਾਧੂ ਚਾਰਜ) ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਡੀਲਰ ਪ੍ਰਿੰਟ ਰੇਟ ਤੋਂ ਵੱਧ ਮੁੱਲ ’ਤੇ ਖਾਦ ਅਤੇ ਖਾਦ ਨਾਲ ਦਵਾਈਆਂ ਲੈਣ ਲਈ ਮਜਬੂਰ ਨਹੀਂ ਕਰ ਸਕਦਾ। ਉਹ ਜ਼ਿਲ੍ਹਾ ਖੇਤੀਬਾੜੀ ਅਫਸਰ ਨੂੰ ਤੁਰੰਤ ਮਾਮਲੇ ਦੀ ਜਾਂਚ ਕਰਕੇ ਸਬੰਧਿਤ ਡੀਲਰਾਂ ਖਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਕਰਨਗੇ।