ਪਾਲ ਸਿੰਘ ਨੌਲੀ
ਜਲੰਧਰ, 17 ਫਰਵਰੀ
ਜਲੰਧਰ ਵਿੱਚ ਹੋਈਆਂ ਛੇ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਹੱਥ ਉੱਪਰ ਰਿਹਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਸਿਰਫ ਇਕ-ਇਕ ਉਮੀਦਵਾਰ ਹੀ ਪਾਰਟੀ ਚੋਣ ਨਿਸ਼ਾਨ ’ਤੇ ਜਿੱਤ ਸਕਿਆ। ਨਕੋਦਰ, ਨੂਰਮਹਿਲ, ਲੋਹੀਆਂ, ਮਹਿਤਪੁਰ, ਕਰਤਾਰਪੁਰ, ਅਲਾਵਲਪੁਰ, ਫਿਲੌਰ ਅਤੇ ਆਦਮਪੁਰ ਦੇ 110 ਵਾਰਡਾਂ ਵਿੱਚ ਵੋਟਾਂ ਪਈਆਂ ਸਨ। ਇਨ੍ਹਾਂ ਵਾਰਡਾਂ ਵਿੱਚ 416 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ 47 ਕਾਂਗਰਸ ਦੇ ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਜਿੱਤੇ ਹਨ ਜਦੋਂਕਿ 59 ਉਮੀਦਵਾਰ ਆਜ਼ਾਦ ਜਿੱਤੇ ਹਨ। ਬਹੁਜਨ ਸਮਾਜ ਪਾਰਟੀ ਜ਼ਿਲ੍ਹੇ ਵਿੱਚੋਂ 17 ਵਾਰਡਾਂ ਵਿੱਚ ਚੋਣ ਲੜੀ ਸੀ ਅਤੇ ਦੋ ਵਾਰਡਾਂ ’ਤੇ ਹੀ ਜਿੱਤ ਸਕੀ। ਆਮ ਆਦਮੀ ਪਾਰਟੀ ਨੂੰ ਇਕ ਵੀ ਵਾਰਡ ਵਿੱਚੋਂ ਜਿੱਤ ਹਾਸਲ ਨਹੀਂ ਹੋਈ ਜਦੋਂਕਿ ਉਸ ਨੇ ਸਭ ਤੋਂ ਵੱਧ 72 ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਮੈਦਾਨੇ ਵਿੱਚ ਉਤਾਰੇ ਸਨ। ਭਾਜਪਾ ਨੇ 17 ਵਾਰਡਾਂ ਵਿੱਚ ਚੋਣਾਂ ਲੜੀਆਂ ਸਨ ਅਤੇ ਸਿਰਫ ਇਕ ਵਾਰਡ ਵਿੱਚ ਹੀ ਜਿੱਤ ਹਾਸਲ ਹੋਈ। ਅਕਾਲੀ ਦਲ ਨੇ 25 ਵਾਰਡਾਂ ’ਚ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਲੜੀ ਸੀ ਜਿਨ੍ਹਾਂ ਵਿੱਚੋਂ ਸਿਰਫ ਇਕ ’ਤੇ ਹੀ ਜਿੱਤ ਹਾਸਲ ਹੋਈ।
ਨਗਰ ਪੰਚਾਇਤ ਲੋਹੀਆਂ ਦੇ 13 ਵਾਰਡਾਂ ਵਿੱਚੋਂ ਕਾਂਗਰਸ 10 ਤੇ ਆਜ਼ਾਦ ਤਿੰਨ ਉਮੀਦਵਾਰ ਜਿੱਤੇ ਹਨ। ਨੂਰਮਹਿਲ ’ਚ 13 ਵਾਰਡਾਂ ਵਿੱਚ 12 ਆਜ਼ਾਦ ਉਮੀਦਵਾਰ ਜਿੱਤੇ ਅਤੇ ਇਕ ਭਾਜਪਾ ਦਾ ਉਮੀਦਵਾਰ ਜਿੱਤਿਆ ਹੈ। ਨਗਰ ਕੌਂਸਲ ਨਕੋਦਰ ਦੇ 17 ਵਾਰਡਾਂ ਵਿੱਚੋਂ ਕਾਂਗਰਸ 9 ਅਤੇ ਆਜ਼ਾਦ 8 ਉਮੀਦਵਾਰ ਜਿੱਤੇ ਹਨ। ਨਕੋਦਰ ਵਿਧਾਨ ਸਭਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਨਕੋਦਰ ਵਿੱਚ ਅਕਾਲੀ ਦਲ ਦੀ ਹਮਾਇਤ ਵਾਲੇ 8 ਆਜ਼ਾਦ ਉਮੀਦਵਾਰ ਜਿੱਤੇ ਹਨ ਜਦੋਂਕਿ ਨੂਰਮਹਿਲ ਵਿੱਚ ਅਕਾਲੀ ਦਲ ਦੀ ਹਮਾਇਤ ਵਾਲੇ 7 ਉਮੀਦਵਾਰ ਜਿੱਤੇ ਹਨ। ਉਥੇ ਕਾਂਗਰਸ ਦੇ ਪੰਜ ਅਤੇ ਇਕ ਭਾਜਪਾ ਦਾ ਉਮੀਦਵਾਰ ਜੇਤੂ ਰਿਹਾ ਹੈ।
ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਵੀ ਵੱਡਾ ਝਟਕਾ ਲੱਗਾ ਹੈ ਜਦੋਂ 72 ਉਮੀਦਵਾਰਾਂ ਵਿੱਚੋਂ ਉਨ੍ਹਾਂ ਦਾ ਇਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ। ਨਕੋਦਰ ਅਤੇ ਨੂਰਮਹਿਲ ਨਗਰ ਕੌਂਸਲਾਂ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਇਨ੍ਹਾਂ ਚੋਣਾਂ ’ਚ ਧੂਆਂਧਾਰ ਪ੍ਰਚਾਰ ਵੀ ਕਰਦੇ ਰਹੇ ਸਨ।
ਦੋ ਵਾਰਡਾਂ ਵਿੱਚ ਭਾਜਪਾ ਨੂੰ 20 ਵੋਟਾਂ ਪਈਆਂ
ਫਿਲੌਰ (ਪੱਤਰ ਪ੍ਰੇਰਕ) ਨਗਰ ਕੌਂਸਲ ਲਈ ਹੋਈ ਚੋਣ ’ਚ ਭਾਜਪਾ ਨੇ ਦੋ ਵਾਰਡਾਂ ’ਚ ਚੋਣ ਲੜੀ, ਜਿਨ੍ਹਾਂ ’ਚੋਂ ਕੁੱਲ 20 ਵੋਟਾਂ ਪ੍ਰਾਪਤ ਕੀਤੀਆਂ। ਵਾਰਡ 9 ਤੋਂ ਗੁਰਪ੍ਰੀਤ ਕੌਰ ਨੂੰ 13 ਤੇ ਵਾਰਡ 11 ’ਚ ਨਵਦੀਪ ਸਿੰਘ ਨੂੰ 7 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਇਸ ਤਰ੍ਹਾਂ ‘ਆਪ’ ਦੀ ਵੀ ਖਾਸ ਕਾਰਗੁਜ਼ਾਰੀ ਨਹੀਂ ਰਹੀ। 15 ਵਾਰਡਾਂ ‘ਚੋਂ 12 ਵਾਰਡਾਂ ‘ਚ ‘ਆਪ’ ਦੇ ਉਮੀਦਵਾਰ ਮੈਦਾਨ ‘ਚ ਸਨ, ਜਿਨ੍ਹਾਂ ਨੂੰ 555 ਵੋਟਾਂ ਮਿਲੀਆਂ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਨਿਸ਼ਾਨ ’ਤੇ ਦੋ ਵਾਰਡਾਂ ’ਚ ਉਮੀਦਵਾਰ ਉਤਾਰੇ। ਜਿਨ੍ਹਾਂ ’ਚੋਂ ਵਾਰਡ 4 ਤੋਂ ਅਸ਼ਵਨੀ ਕੁਮਾਰ ਨੂੰ 120 ਵੋਟਾਂ ਤੇ ਵਾਰਡ 5 ਤੋਂ ਗੁਰਮੇਲ ਚੰਦ ਨੂੰ 78 ਵੋਟ ਨਸੀਬ ਹੋਏ।
ਆਦਮਪੁਰ ਵਿੱਚ ਕਰਵਲ ਧੜੇ ਦੀ ਹੂੰਝਾ ਫੇਰੂ ਜਿੱਤ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ) ਨਗਰ ਕੌਂਸਲ ਆਦਮਪੁਰ ਦੇ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ’ਚ ਕਰਵਲ ਧੜਾ (ਕਾਂਗਰਸ ਸਮਰਥਕ) ਨੂੰ 11 ਸੀਟਾਂ, ਬਸਪਾ ਨੂੰ ਇੱਕ ਤੇ ਇੱਕ ਹੋਰ ਆਜਾਦ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ। ਜਦੋਂਕਿ ਅਕਾਲੀ ਦਲ ਜੋ ਪੰਜ ਸੀਟਾਂ ’ਤੇ ਚੋਣ ਲੜ ਰਿਹਾ ਸੀ, ਨੂੰ ਇੱਕ ਵੀ ਸੀਟ ਨਹੀਂ ਮਿਲੀ ਤੇ ਭਾਜਪਾ ਵੀ ਖਾਤਾ ਨਹੀਂ ਖੋਲ੍ਹ ਸਕੀ। ਨਗਰ ਕੌਂਸਲ ਆਦਮਪੁਰ ਦੇ ਨਤੀਜੇ ਇਸ ਤਰ੍ਹਾਂ ਰਹੇ ਵਾਰਡ 1 ਤੋਂ ਸੁਸ਼ਮਾ ਕੁਮਾਰੀ, 2 ਤੋਂ ਸੁਰਿੰਦਰ ਪਾਲ, 3 ਤੋਂ ਸੁਖਵਿੰਦਰ ਕੌਰ (ਬਸਪਾ), 4 ਤੋਂ ਅਮਰੀਕ ਸਿੰਘ ਸਵੀਟੀ, 5 ਤੋਂ ਵੀਨਾ ਚੋਡਾ, 6 ਤੋਂ ਦਰਸ਼ਨ ਸਿੰਘ ਕਰਵਲ, 7 ਤੋਂ ਕਨੂੰ, ਵਾਰਡ 8 ਤੋਂ ਹਰਜਿੰਦਰ ਸਿੰਘ ਕਰਵਲ, 9 ਤੋਂ ਰਜਿੰਦਰ ਕੌਰ, 10 ਤੋਂ ਵਿਕਰਮ ਬੱਧਣ, 11 ਤੋਂ ਕ੍ਰਿਸ਼ਨਾ ਦੇਵੀ, 12 ਤੋਂ ਭੁਪਿੰਦਰ ਸਿੰਘ ਭਿੰਦਾ, 13 ਤੋਂ ਜੋਗਿੰਦਰ ਪਾਲ ਜੇਤੂ ਰਹੇ। ਇਸੇ ਤਰ੍ਹਾਂ ਅਲਾਵਲਪੁਰ ਵਿਚ ਇੱਕ ਅਕਾਲੀ ਦਲ ਦਾ ਉਮੀਦਵਾਰ ਤੇ 10 ਆਜ਼ਾਦ ਉਮੀਦਵਾਰਾਂ ਨੂੰ ਜਿੱਤ ਪ੍ਰਾਪਤ ਹੋਈ। ਵਾਰਡ 1 ਤੋਂ ਰਚਨਾ, 2 ਤੋਂ ਕ੍ਰਿਸ਼ਨਾ ਦੇਵੀ, 3 ਰਾਜ ਰਾਣੀ, 4 ਤੋਂ ਜਸਵੀਰ ਕੌਰ, 5 ਤੋਂ ਨੀਲਮ ਰਾਣੀ, 6 ਤੋਂ ਮੁਕੱਦਰ ਲਾਲ, 7 ਤੋਂ ਕਵਿਤਾ ਰਾਣੀ, 8 ਤੋਂ ਪੰਕਜ ਸ਼ਰਮਾ, 9 ਤੋਂ ਨਰੇਸ਼ ਕੁਮਾਰ, 10 ਤੋਂ ਮਦਨ ਲਾਲ, ਵਾਰਡ 11 ਤੋਂ ਬ੍ਰਿਜ ਭੂਸ਼ਣ ਨੂੰ ਜਿੱਤ ਪ੍ਰਾਪਤ ਹੋਈ।