ਪੱਤਰ ਪ੍ਰੇਰਕ
ਤਲਵਾੜਾ, 4 ਜੂਨ
ਤਲਵਾੜਾ-ਦੌਲਤਪੁਰ ਮਾਰਗ ’ਤੇ ਪੈਂਦੇ ਸਰਹੱਦੀ ਕਸਬਾ ਭਵਨੌਰ ’ਚ ਕੁੱਤਿਆਂ ਵੱਲੋਂ ਨੋਚਿਆ ਹੋਇਆ ਨਵਜੰਮਾ ਬੱਚਾ ਮਿਲਿਆ ਹੈ। ਤਲਵਾੜਾ ਪੁਲੀਸ ਨੇ ਮ੍ਰਿਤਕ ਭਰੂਣ ਨੂੰ ਪੋਸਟ ਮਾਰਟਮ ਲਈ ਭੇਜ ਕੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜੀਓਜੀ ਸ਼ਮਿੰਦਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਿੰਡ ਭਵਨੌਰ ਦੇ ਵਸਨੀਕ ਬਚਿੱਤਰ ਸਿੰਘ ਲੰਘੇ ਕੱਲ੍ਹ ਖੇਤਾਂ ਵਿੱਚ ਦਵਾਈ ਪਾਉਣ ਜਾ ਰਿਹਾ ਸੀ। ਖੁੰਡਿਆਲਾ ਨੂੰ ਜਾਂਦੀ ਸੜਕ ਦੇ ਕੰਢੇ ਵਾਟਰ ਸਪਲਾਈ ਦੇ ਨਜ਼ਦੀਕ ਕੁੱਤਿਆਂ ਵੱਲੋਂ ਨੋਚੇ ਨਵਜੰਮੇ ਬੱਚੇ ਨੂੰ ਪਿਆ ਹੋਇਆ ਦੇਖਿਆ। ਉਸ ਨੇ ਇਹ ਜਾਣਕਾਰੀ ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਨੂੰ ਦਿੱਤੀ ਜਿਨ੍ਹਾਂ ਮੌਕੇ ’ਤੇ ਹੀ ਪੁਲੀਸ ਨੂੰ ਇਤਲਾਹ ਦਿੱਤੀ। ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਤਲਵਾੜਾ ਪੁਲੀਸ ਨੇ ਸ਼ਮਿੰਦਰਜੀਤ ਸਿੰਘ ਤੇ ਬਚਿੱਤਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।