ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਸਤੰਬਰ
ਰਾਜ ਸਰਕਾਰ ਵੱਲੋਂ 283 ਨਾਗਰਿਕ ਸੇਵਾਵਾਂ ਲਈ ਡਿਜੀਟਲ ਦਸਤਖ਼ਤਾਂ ਵਾਲੇ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਸਾਰੇ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਰਕਾਰੀ ਸੇਵਾਵਾਂ ਦੀਆਂ ਪ੍ਰਵਾਨਗੀ ਦੇਣ ਵਾਲੀਆਂ ਅਥਾਰਟੀਆਂ ਡਿਜ਼ੀਟਲ ਤੌਰ ’ਤੇ ਪ੍ਰੋਸੈਸ ਕੀਤੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਲਈ ਡਿਜੀਟਲ ਦਸਤਖ਼ਤਾਂ ਦੀ ਵਰਤੋਂ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅਥਾਰਟੀ ਵੱਲੋਂ ਜਿੱਥੇ ਡਿਜੀਟਲ ਤੌਰ ’ਤੇ ਦਸਤਖ਼ਤ ਕੀਤੇ ਦਸਤਾਵੇਜ਼ ਮੁਹੱਈਆ ਕਰਵਾਏ/ਜਮ੍ਹਾ ਕੀਤੇ ਗਏ ਹਨ, ਉਥੇ ਭੌਤਿਕ ਹਸਤਾਖ਼ਰਾਂ ਜਾਂ ਹੋਲੋਗ੍ਰਾਮ ਜਾਂ ਸਟੈਂਪ ਵਾਲੇ ਦਸਤਾਵੇਜ਼ਾਂ ਪੇਸ਼ ਕਰਨ ’ਤੇ ਜ਼ੋਰ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿਨੈਕਾਰ ਹੁਣ ਇਹ ਦਸਤਖ਼ਤਾਂ ਵਾਲੇ ਸਰਟੀਫਿਕੇਟ ਸਿੱਧਾ ਸੇਵਾ ਕੇਂਦਰਾਂ ਤੋਂ ਵਟਸਐਪ ਜਾਂ ਈਮੇਲ ’ਤੇ ਪ੍ਰਾਪਤ ਕਰ ਸਕਣਗੇ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਆਈ.ਟੀ. ਐਕਟ 2000 ਦੇ ਉਪਬੰਧਾਂ ਦੇ ਅਨੁਸਾਰ ਡਿਜੀਟਲ ਤੌਰ ’ਤੇ ਦਸਤਖ਼ਤ ਕੀਤੇ ਦਸਤਾਵੇਜ਼ਾਂ ਨੂੰ ਹੱਥ ਲਿਖਤ/ ਦਸਤਖ਼ਤ/ਸਟੈਂਪਡ/ਹੋਲੋਗ੍ਰਾਮ ਲੱਗੇ ਦਸਤਾਵੇਜ਼ਾਂ ਦੇ ਬਰਾਬਰ ਮੰਨਿਆ ਜਾਵੇਗਾ। ਅਜਿਹੇ ਸਾਰੇ ਡਿਜ਼ੀਟਲ ਹਸਤਾਖਰਾਂ ਵਾਲੇ ਦਸਤਾਵੇਜ਼ਾਂ ਵਿੱਚ ਵਿਲੱਖਣ ਦਸਤਾਵੇਜ਼ ਆਈਡੀ/ਸੀਰੀਅਲ ਨੰਬਰ/ਕਿਊ ਆਰ ਕੋਡ ਹੋਵੇਗਾ ਤੇ ਆਨਲਾਈਨ ਤਸਦੀਕ ਹੋ ਸਕਦੇ ਹਨ।