ਪਾਲ ਸਿੰਘ ਨੌਲੀ
ਜਲੰਧਰ,18 ਜੂਨ
ਹਸਪਤਾਲਾਂ ਵਿੱਚ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਕੀਤੀ ਜਾ ਰਹੀ ਹਿੰਸਾ ਵਿਰੁੱਧ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਾਲੇ ਬਿੱਲੇ ਤੇ ਕਾਲੇ ਕੱਪੜੇ ਪਾ ਕੇ ਰੋਸ ਦਾ ਪ੍ਰਗਟਾਵਾ ਕੀਤਾ। ਆਈਐੱਮਏ ਦੇ ਕੌਮੀ ਉਪ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਹਸਪਤਾਲਾਂ ਵਿੱਚ ਹਿੰਸਾ ਕਰਨ ਨਾਲ ਜਿਥੇ ਜਾਨ ਬਚਾਉਣ ਵਾਲੇ ਡਾਕਟਰ ਤੇ ਹੋਰ ਸਟਾਫ ਸਦਮੇ ਵਿੱਚ ਆ ਜਾਂਦਾ ਹੈ ਉਥੇ ਹਸਪਤਾਲਾਂ ਵਿਚ ਦਾਖਲ ਮਰੀਜ਼ ਵੀ ਪ੍ਰੇਸ਼ਾਨ ਹੁੰਦੇ ਹਨ ਤੇ ਉਨ੍ਹਾਂ ਨੂੰ ਮਾਨਸਿਕ ਪੀੜਾ ਝੱਲਣੀ ਪੈਂਦੀ ਹੈ। ਇਸ ਮੌਕੇ ਔਰਤ ਵਿੰਗ ਦੀ ਪ੍ਰਧਾਨ ਡਾ. ਜੈਸਮੀਨ ਕੌਰ ਨੇ ਕਿਹਾ ਕਿ ਇਲਾਜ ਦੌਰਾਨ ਲਾਪ੍ਰਵਾਹੀ ਦੀ ਜੇ ਸ਼ੰਕਾ ਹੁੰਦੀ ਹੈ ਤਾਂ ਮਰੀਜ਼ ਦੇ ਪਰਿਵਾਰਕ ਮੈਂਬਰ ਅਦਾਲਤ ਵਿਚ ਜਾ ਸਕਦੇ ਹਨ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜੂਨੀਅਰ ਵਿੰਗ ਦੇ ਪ੍ਰਧਾਨ ਡਾ. ਤਰਨਬੀਰ ਸਿੰਘ, ਡਾ. ਗਗਨਦੀਪ ਸਿੰਘ, ਡਾ. ਸੁਸ਼ਮਾ ਚਾਵਲਾ, ਡਾ. ਦੀਪਾਲੀ ਚਾਵਲਾ, ਡਾ. ਨਰੇਸ਼ ਬਾਠਲਾ, ਡਾ. ਵਿਕਾਸ ਸੂਦ, ਡਾ. ਅਨੂਪ ਲਲਵਾਨੀ, ਡਾ. ਜੇਪੀ ਸਿੰਘ, ਡਾ. ਰਾਜੀਵ ਸੂਦ ਤੇ ਡਾ. ਧੀਰ ਭਾਟੀਆ ਹਾਜ਼ਰ ਸਨ। ਗੁਰਦਾਸਪੁਰ(ਜਤਿੰਦਰ ਬੈਂਸ): ਦੇਸ਼ ਅੰਦਰ ਸਿਹਤ ਅਮਲੇ ਖਿਲਾਫ਼ ਵਧਦੀਆਂ ਹਿੰਸਕ ਕਾਰਵਾਈਆਂ ਦੇ ਮੱਦੇਨਜ਼ਰ ਅਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਡਾਕਟਰਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਝੰਡੇ ਹੇਠ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸ਼ੋਕ ਓਬਰਾਏ ਦੀ ਅਗਵਾਈ ਹੇਠ ਸਥਾਨਕ ਬਾਬਾ ਗੁਰਦਿੱਤ ਸਿੰਘ ਕਲਸੀ ਹਸਪਤਾਲ ਵਿੱਚ ਇੱਕਠੇ ਹੋ ਕੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਜ਼ਾਹਰ ਕੀਤਾ।ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਡਾ. ਗੁਰਖੇਲ ਸਿੰਘ ਕਲਸੀ, ਡਾ. ਸਤਿੰਦਰ ਮਹਾਜਨ, ਡਾ. ਬੀਐੱਸ ਬਾਜਵਾ, ਡਾ. ਐੱਚਐੱਸ ਕਲੇਰ, ਡਾ. ਰੋਮਿੰਦਰ ਕਲੇਰ, ਡਾ. ਸੁਖਦੇਵ ਸਿੰਘ, ਡਾ. ਸੁਨੀਲ ਕੌਸ਼ਲ, ਡਾ. ਅਮਿਤ ਅਗਰਵਾਲ, ਡਾ. ਰਾਜੀਵ ਅਰੋੜਾ, ਡਾ.ਗੋਪਾਲ ਰਾਜ, ਡਾ. ਰਮੇਸ਼ ਮਹਾਜਨ, ਡਾ. ਅਜੇ ਮਹਾਜਨ ਨੇ ਵੀ ਵਿਚਾਰ ਰੱਖੇ।
ਤਰਨ ਤਰਨ (ਗੁਰਬਖਸ਼ਪੁਰੀ): ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀ ਜ਼ਿਲ੍ਹਾ ਇਕਾਈ ਵੱਲੋਂ ਡਾਕਟਰਾਂ ਖਿਲਾਫ਼ ਹੋ ਰਹੀਆਂ ਹਿੰਸਕ ਵਾਰਦਾਤਾਂ ਖਿਲਾਫ਼ ਰੋਸ ਪ੍ਰਗਟ ਕਰਦਿਆਂ ਅੱਜ ਇਥੇ ਰੋਸ ਵਿਖਾਵਾ ਕੀਤਾ| ਜਥੇਬੰਦੀ ਦੇ ਜਿਲ੍ਹਾ ਸਕੱਤਰ ਡਾ. ਦਿਨੇਸ਼ ਗੁਪਤਾ ਦੀ ਅਗਵਾਈ ਵਿੱਚ ਇਕ ਵਫਦ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ਤੇ ਆਪਣੀਆਂ ਮੰਗਾਂ ਦਾ ਇਕ ਮੰਗ ਵੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਦਿੱਤਾ|
ਫਗਵਾੜਾ(ਜਸਬੀਰ ਚਾਨਾ): ਦੇਸ਼ ਭਰ ’ਚ ਡਾਕਟਰਾਂ ’ਤੇ ਹੋ ਰਹੇ ਹਮਲਿਆਂ ਦੇ ਰੋਸ ਵਜੋਂ ਅੱਜ ਡਾਕਟਰਾਂ ਦੀ ਜੱਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵਲੋਂ ਫਗਵਾੜਾ ਸ਼ਾਖਾ ਦੇ ਪ੍ਰਧਾਨ ਡਾ. ਸੋਹਨ ਲਾਲ ਦੀ ਅਗਵਾਈ ਹੇਠ ਰੋਸ ਮੁਜਾਹਰਾ ਕੀਤਾ ਗਿਆ।ਇਸ ਮੌਕੇ ਡਾ. ਸੋਹਨ ਲਾਲ ਅਤੇ ਐਸੋਸੀਏਸ਼ਨ ਦੀ ਜਨਰਲ ਸਕੱਤਰ ਡਾ. ਸੁਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਡਾਕਟਰਾਂ ਉਪਰ ਹਮਲੇ ਬਹੁਤ ਹੀ ਨਿੰਦਣਯੋਗ ਹਨ। ਇਸ ਮੌਕੇ ਆਈ.ਐਮ.ਏ. ਦੇ ਸਾਬਕਾ ਸੂਬਾ ਪ੍ਰਧਾਨ ਡਾ. ਐਸ.ਪੀ.ਐਸ. ਸੂਚ, ਡਾ. ਐਸ. ਰਾਜਨ ਅਤੇ ਡਾ. ਜੀ.ਬੀ. ਸਿੰਘ ਨੇ ਵੀ ਡਾਕਟਰਾਂ ਉਪਰ ਹੋ ਰਹੇ ਹਮਲਿਆਂ ਦੀ ਨਿਖੇਧੀ ਕੀਤੀ। ਇਸ ਮੌਕੇ ਡਾ. ਅਨੂਪ, ਡਾ. ਜਸਜੀਤ ਸਿੰਘ ਵਿਰਕ, ਡਾ. ਜੇ.ਐਸ. ਵਿਰਕ, ਡਾ. ਵਿਜੇ ਸ਼ਰਮਾ, ਡਾ. ਰਾਹੁਲ, ਡਾ. ਸੁਭਾਸ਼ ਚੌਹਾਨ, ਚਿਮਨ ਅਰੋੜਾ, ਡਾ. ਰਾਜੀਵ ਗੁਪਤਾ ਆਦਿ ਹਾਜ਼ਰ ਸਨ।