ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਦਸੰਬਰ
ਸਿਵਲ ਹਸਪਤਾਲ ’ਚ ਸਟਾਫ਼ ਨਰਸਾਂ ਦੀ ਚੱਲ ਰਹੀ ਹੜਤਾਲ ਦੀ ਹਮਾਇਤ ’ਚ ਡਾਕਟਰ ਵੀ ਆ ਗਏ ਹਨ। ਹੜਤਾਲ ਕਰ ਰਹੇ ਸਿਹਤ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਮੰਗ ਪੱਤਰ ਵਿੱਚ ਲੌਲੀਪੌਪ ਲਪੇਟ ਕੇ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਨਰਸਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਵਿੱਚੋਂ ਮਰੀਜ਼ ਹੋਰ ਹਸਪਤਾਲਾਂ ਵਿੱਚ ਜਾਣੇ ਸ਼ੁਰੂ ਹੋ ਗਏ ਹਨ। ਹਸਪਤਾਲ ਦੇ ਬਰਾਮਦੇ ਨੂੰ ਤਾਲੇ ਲੱਗ ਗਏ ਹਨ ਤੇ ਕਈ ਵਾਰਡਾਂ ਵਿੱਚ ਬੈੱਡ ਖਾਲੀ ਹੋ ਗਏ ਹਨ। ਬਹੁਤੇ ਮਰੀਜ਼ ਤਾਂ ਛੁੱਟੀ ਲੈ ਕੇ ਚਲੇ ਗਏ ਹਨ ਤੇ ਜਿਹੜੇ ਮਰੀਜ਼ ਹਸਪਤਾਲ ਵਿੱਚ ਮਜਬੂਰੀਵੱਸ ਦਾਖਲ ਹਨ, ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ।
ਇਸ ਦੌਰਾਨ ਪੰਜਾਬ ਗੌਰਮਿੰਟ ਨਰਸਿਜ਼ ਐਸੋਸੀਏਸ਼ਨ ਦੀ ਪ੍ਰਧਾਨ ਸਟਾਫ ਨਰਸ ਕਾਂਤਾ ਕੁਮਾਰੀ ਤੇ ਜਨਰਲ ਸਕੱਤਰ ਪਲਵਿੰਦਰ ਕੌਰ ਨੇ ਦੱਸਿਆ ਕਿ ਸਟਾਫ਼ ਨਰਸਾਂ ਦੀ ਹੜਤਾਲ ਅੱਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ ਤੇ ਉਨ੍ਹਾਂ ਦੀ ਹਮਾਇਤ ਵਿੱਚ ਡਾਕਟਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।