ਪੱਤਰ ਪ੍ਰੇਰਕ
ਫਿਲੌਰ, 13 ਜੁਲਾਈ
ਦੋਆਬਾ ਟਰੱਕ ਅਪਰੇਟਰ ਯੂਨੀਅਨ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਸੰਘਰਸ਼ ਅੱਜ ਸਮਾਪਤ ਹੋ ਗਿਆ। ਲਗਾਤਾਰ ਚਲਦੇ ਧਰਨੇ ਦੇ 17ਵੇਂ ਦਿਨ ਜਥੇਬੰਦੀਆਂ ਵੱਲੋਂ ਉਲੀਕਿਆ ਕੌਮੀ ਮਾਰਗ ਜਾਮ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ 2017 ਵਿੱਚ ਸੂਬਾ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਉਪਰੰਤ ਸਥਾਨਕ ਫੈਕਟਰੀਆਂ ਨੇ ਲੋਕਲ ਟਰੱਕ ਯੂਨੀਅਨ ਨੂੰ ਬਾਹਰ ਕੱਢ ਕੇ ਆਪਣੇ ਚਹੇਤਿਆਂ ਦੀ ਟਰਾਂਸਪੋਰਟ ਕੰਪਨੀਆਂ ਨੂੰ ਅੰਦਰ ਦਾਖ਼ਲ ਕਰ ਲਿਆ ਸੀ। ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਚ ਅਧਿਕਾਰੀਆਂ ਦੀ ਦਖ਼ਲਅੰਦਾਜ਼ੀ ’ਤੇ ਤਿੰਨ ਧਿਰੀ ਗੱਲਬਾਤ ਕੀਤੀ ਗਈ। ਇਸ ਵਿੱਚ ਪਹਿਲਾ ਟੈਂਡਰ ਰੱਦ ਕਰ ਕੇ ਦੁਆਬਾ ਟਰੱਕ ਅਪਰੇਟਰ ਯੂਨੀਅਨ ਨੂੰ ਟੈਂਡਰ ਦੇ ਕੇ ਕੰਮ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਦੋਆਬਾ ਟਰੱਕ ਆਪਰੇਟਰ ਯੂਨੀਅਨ ਦੇ ਅਮਰਜੀਤ ਸਿੰਘ ਸਿੱਧੂ, ਚਮਕੌਰ ਸਿੰਘ, ਲਖਵੀਰ ਸਿੰਘ ਜੌਹਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਹਰਦੀਪ ਸਿੰਘ ਉੱਪਲ, ਆਦਿ ਨੇ ਸੰਬੋਧਨ ਕੀਤਾ।
ਦੂਜੇ ਪਾਸੇ ਵਰੁਨ ਬੀਵਰਜਿਜ਼ ਨੇ ਜਾਰੀ ਪ੍ਰੈੱਸ ਨੋਟ ’ਚ ਕਿਹਾ ਕਿ ਸਮਝੌਤੇ ਦਾ ਐਲਾਨ ਉਨ੍ਹਾਂ ਵੱਲੋਂ ਨਹੀਂ ਕੀਤਾ ਗਿਆ। ਕੰਪਨੀ ਨੇ ਏਡੀਸੀ ਜਲੰਧਰ ਅਮਿਤ ਸਰੀਨ ਅਤੇ ‘ਆਪ’ ਆਗੂ ਪ੍ਰਿੰਸੀਪਲ ਪਰੇਮ ਕੁਮਾਰ ਵੱਲੋਂ ਸਮਝੌਤੇ ਲਈ ਦਿੱਤੇ ਬਿਆਨ ਦਾ ਖੰਡਨ ਕੀਤਾ ਹੈ।