ਜੇ.ਬੀ.ਸੇਖੋਂ
ਗੜ੍ਹਸ਼ੰਕਰ, 5 ਅਕਤੂਬਰ
ਇਲਾਕੇ ਦੇ ਦੋਆਬਾ ਪਬਲਿਕ ਸਕੂਲ ਪਾਰੋਵਾਲ ਦੇ ਪ੍ਰਬੰਧਕਾਂ ਵੱਲੋਂ ਸਕੂਲ ਦੀ ਪੇਰੈਟਸ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਅੱਠ ਵਿਦਿਆਰਥੀਆਂ ਦੇ ਨਾਂ ਜ਼ਬਰੀ ਸਕੂਲ ਵਿੱਚੋਂ ਕੱਟ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੌਰਾਨ ਇਸ ਸਕੂਲ ਵੱਲੋਂ ਕਥਿਤ ਵਾਧੂ ਲਈਆਂ ਫੀਸਾਂ ਨੂੰ ਮੌਜੂਦਾ ਸੈਸ਼ਨ ’ਚ ਵਿਦਿਆਰਥੀਆਂ ਦੀਆਂ ਫੀਸਾਂ ’ਚ ਸ਼ਾਮਲ ਕਰਨ ਦੇ ਮੁੱਦੇ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ। ਇਸਦੇ ਚੱਲਦਿਆਂ ਸਕੂਲ ਦੇ ਪ੍ਰਬੰਧਕਾਂ ਵੱਲੋਂ ਅਹੁਦੇਦਾਰਾਂ ਦੇ ਪਹਿਲੀ ਜਮਾਤ ਤੋਂ ਅੱਠਵੀ ਜਮਾਤ ’ਚ ਪੜ੍ਹਦੇ ਵਿਦਿਆਰਥੀਆਂ ਦੇ ਨਾਂ ਸਕੂਲ ਵਿੱਚੋਂ ਕੱਟ ਦਿੱਤੇ ਗਏ ਹਨ ਜਿਸ ਨਾਲ ਮਾਪਿਆਂ ’ਚ ਰੋਹ ਪਾਇਆ ਜਾ ਰਿਹਾ ਹੈ।
ਇਸ ਬਾਰੇ ਐਸੋਸੀਏਸ਼ਨ ਦੇ ਸੂਬਾਈ ਆਗੂ ਰਜਿੰਦਰ ਘਈ, ਰਿੰਪਲ ਪਠਾਨੀਆ, ਪ੍ਰਧਾਨ ਪਰਮਜੀਤ ਸਿੰਘ ਨਾਗਰਾ ਗੜ੍ਹਸ਼ੰਕਰ, ਜਰਨਲ ਸਕੱਤਰ ਸਤਿੰਦਰ ਸਿੰਘ ਦੋਆਬੀਆ ਤੇ ਅਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਦੋਆਬਾ ਪਬਲਿਕ ਸਕੂਲ ਵੱਲੋਂ ਕਰੋਨਾ ਕਾਲ ਦੌਰਾਨ ਵਿਦਿਆਰਥੀਆਂ ਤੋਂ ਵਾਧੂ ਫੀਸਾਂ ਵਸੂਲੀਆਂ ਗਈਆਂ ਸਨ ਜਿਸ ਵਿਰੁੱਧ ਐਸੋਸੀਏਸ਼ਨ ਵੱਲੋਂ ਸਮੂਹ ਮਾਪਿਆਂ ਦੇ ਸਹਿਯੋਗ ਨਾਲ ਮਾਰਚ’ਚ ਸਕੂਲ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਵੀ ਕੀਤੀ ਸੀ। ਉਨ੍ਹਾਂ ਦੱਸਿਆ ਡੀਈਓ (ਸੈਕੰਡਰੀ) ਵੱਲੋਂ ਕੀਤੀ ਪੜਤਾਲ ’ਚ ਵੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ ਸੀ। ਵਾਧੂ ਲਈਆਂ ਫੀਸਾਂ ਸਬੰਧੀ ਪੂਰਾ ਰਿਕਾਰਡ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਸਕੂਲ ਦੇ ਪ੍ਰਬੰਧਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਵਾਧੂ ਲਈਆਂ ਫੀਸਾਂ ਨੂੰ ਵਾਪਿਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸਕੂਲ ਪ੍ਰਬੰਧਕਾਂ ਨੂੰ ਵਾਧੂ ਲਈਆਂ ਫੀਸਾਂ ਅਡਜਸਟ ਕਰਨ ਸਬੰਧੀ ਕਹਿ ਚੁੱਕੇ ਹਨ ਪਰ ਇਸ ਸਬੰਧੀ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂਂ ਹੋ ਰਹੀ। ਉਨ੍ਹਾਂ ਕਿਹਾ ਕਿ ਕੱਲ੍ਹ ਸਕੂਲ ਵੱਲੋਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਅੱਠ ਬੱਚਿਆਂ ਦੇ ਨਾਂ ਜ਼ਬਰੀ ਸਕੂਲ ’ਚੋਂ ਕੱਟ ਦਿੱਤੇ ਗਏ ਜੋ ਸਕੂਲ ਦੀ ਧੱਕੇਸ਼ਾਹੀ ਨੂੰ ਦਰਸਾਉਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲ ਬੱਚਿਆਂ ਦੇ ਨਾਂ ਕੱਟ ਕੇ ਮਾਪਿਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਨੇ ਪ੍ਰਿੰਸੀਪਲ
ਸਕੂਲ ਪ੍ਰਿੰਸੀਪਲ ਗੋਬਿੰਦ ਲੂਥਰਾ ਨੇ ਕਿਹਾ ਕਿ ਫੀਸਾਂ ਦੀ ਅਦਾਇਗੀ ਨਾ ਹੋਣ ਕਾਰਨ ਕੁਝ ਵਿਦਿਆਰਥੀਆਂ ਦੇ ਨਾਂ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਸਕੂਲ ਵੱਲੋਂ ਸਰਕਾਰ ਅਤੇ ਅਦਾਲਤ ਦੇ ਆਦੇਸ਼ਾਂ ਅਨੁਸਾਰ ਫੀਸਾਂ ਲਈਆਂ ਗਈਆਂ ਹਨ ਤੇ ਕੋਈ ਵੀ ਫੀਸ ਵਾਧੂ ਨਹੀਂ ਵਸੂਲੀ ਗਈ।