ਸੁਰਜੀਤ ਮਜਾਰੀ
ਬੰਗਾ, 6 ਜੁਲਾਈ
ਪੁਲੀਸ ਨੇ ਪਿੰਡ ਨੌਰਾ ਵਿੱਚ ਹੋਏ ਫਿਰੌਤੀ ਮਾਮਲੇ ਦੀ ਜਾਂਚ ’ਚ ਸਫ਼ਲ ਹੁੰਦਿਆਂ ਉੱਥੇ ਹੀ ਹੋਏ ਇੱਕ ਕਤਲ ਦੀ ਗੁੱਥੀ ਵੀ ਸੁਲਝਾ ਲਈ ਹੈ। ਇਨ੍ਹਾਂ ਵਾਰਦਾਤਾਂ ਦੇ ਕਾਬੂ ਕੀਤੇ ਕਥਿਤ ਦੋਸ਼ੀ ਦੀ ਪਛਾਣ ਰਣਜੀਤ ਸਿੰਘ ਉਰਫ਼ ਲਾਡੀ ਵਾਸੀ ਨੌਰਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਕਪਤਾਨ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕੁਝ ਰੋਜ ਪਹਿਲਾਂ ਪਿੰਡ ਨੌਰਾ ਵਾਸੀ ਅਮਰਜੀਤ ਸਿੰਘ ਐੱਲਆਈਸੀ ਏਜੰਟ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਦੀ ਰਕਮ ਦੇਣ ਸਮੇਂ ਘੜੀ ਵਿਉਂਤ ਮੁਤਾਬਿਕ ਜਦੋਂ ਪੁਲੀਸ ਪਾਰਟੀ ਵੀ ਮੌਕੇ ’ਤੇ ਪੁੱਜੀ ਤਾਂ ਮੌਕੇ ’ਤੇ ਇੱਕ ਪਰਵਾਸੀ ਨੋਮਨ ਵਾਸੀ ਦਿਲਹੇੜੀ (ਸਹਾਰਨਪੁਰ) ਨੂੰ ਕਾਬੂ ਕਰ ਲਿਆ ਗਿਆ ਸੀ। ਜਿਸ ਵੱਲੋਂ ਚਲਾਈ ਗੋਲੀ ਨਾਲ ਇੱਕ ਪੁਲੀਸ ਕਰਮੀ ਜਖ਼ਮੀਂ ਵੀ ਹੋ ਗਿਆ ਸੀ। ਉਸ ਤੋਂ ਕੀਤੀ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਫਿਰੌਤੀ ਦਾ ਮੁੱਖ ਸਾਜਸ਼ਘਾੜਾ ਇਹ ਵਿਅਕਤੀ ਹੈ। ਇਸ ਸਬੰਧੀ ਸਥਾਨਕ ਥਾਣਾ ਮੁਖੀ ਰਾਜੀਵ ਕੁਮਾਰ ਅਤੇ ਸੀਆਈਈ ਸਟਾਫ਼ ਦੇ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ’ਚ ਵੱਖ ਵੱਖ ਥਾਵਾਂ ’ਤੇ ਲਗਾਤਾਰ ਛਾਪੇਮਾਰੀ ਕੀਤੀ ਗਈ। ਆਖਿਰ ਰਣਜੀਤ ਸਿੰਘ ਨੂੰ ਅੰਬਾਲਾ ਤੋਂ ਕਾਬੂ ਕਰ ਲਿਆ ਗਿਆ। ਉੱਥੇ ਉਹ ਰਣਜੀਤ ਸਿੰਘ ਤੋਂ ਆਪਣਾ ਨਾਂ ਬਦਲ ਕੇ ਜਗਤਾਰ ਸਿੰਘ ਵਜੋਂ ਰਹਿ ਰਿਹਾ ਸੀ। ਪੁਲੀਸ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਰਣਜੀਤ ਸਿੰਘ ਨੇ ਫਿਰੌਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਇਕਬਾਲ ਕਰ ਲਿਆ ਹੈ ਅਤੇ ਤਿੰਨ ਮਹੀਨੇ ਪਹਿਲਾਂ ਪਿੰਡ ਵਿੱਚ ਹੀ ਹੋਏ ਡੀਜੇ ਮਾਲਕ ਸੁਖਵਿੰਦਰ ਸਿੰਘ ਮੰਗਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ। ਉਸ ਨੇ ਇਸ ਕਤਲ ਪਿੱਛੇ ਆਪਸੀ ਰੰਜਸ ਦਾ ਕਾਰਨ ਦੱਸਿਆ ਹੈ।
ਰਣਜੀਤ ਸਿੰਘ ਤੋਂ ਇੱਕ ਕਾਰ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਹੋਰ ਖੁਲਾਸੇ ਜਾਣਨ ਲਈ ਰਿਮਾਂਡ ਹਾਸਲ ਕਰ ਲਿਆ ਹੈ।
ਸ਼ਾਹਕੋਟ ਤੇ ਮਹਿਤਪੁਰ ਪੁਲੀਸ ਨੇ ਮੁਲਜ਼ਮ ਗ੍ਰਿਫ਼ਤਾਰ ਕੀਤੇ
ਸ਼ਾਹਕੋਟ (ਪੱਤਰ ਪ੍ਰੇਰਕ) ਡੀ.ਐਸ.ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ ਸ਼ਾਹਕੋਟ ਤੇ ਮਹਿਤਪੁਰ ਪੁਲੀਸ ਨੇ ਵੱਖ-ਵੱਖ ਅਪਰਾਧਾਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀ.ਐਸ.ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਏ.ਐਸ.ਆਈ ਲਖਬੀਰ ਸਿੰਘ ਨੇ ਨਾਕਾਬੰਦੀ ਦੌਰਾਨ ਜਗਦੀਸ਼ ਸਿੰਘ ਉਰਫ ਰਾਜੂ ਪੁੱਤਰ ਬਲਦੇਵ ਸਿੰਘ ਵਾਸੀ ਬਾਊਪੁਰ ਨੂੰ 5 ਗ੍ਰਾਮ ਹੈਰੋਇਨ ਤੇ 150 ਨਸ਼ੀਲੀਆਂ ਗੋਲੀਆਂ ਸਮੇਤ ਤੇ ਲਖਵੀਰ ਸਿੰਘ ਉਰਫ ਲੱਖੀ ਪੁੱਤਰ ਪ੍ਰੀਤਮ ਸਿੰਘ ਵਾਸੀ ਮੀਏਂਵਾਲ ਕਲੋਨੀਆਂ ਨੂੰ ਰੇਤਾ ਨਾਲ ਭਰੀ ਟ੍ਰੈਕਟਰ/ਟਰਾਲੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀ.ਐੱਸ.ਪੀ ਨੇ ਅੱਗੇ ਦੱਸਿਆ ਕਿ ਮਹਿਤਪੁਰ ਥਾਣੇ ਦੇ ਏ.ਐਸ.ਆਈ ਬਲਵਿੰਦਰ ਸਿੰਘ ਨੇ ਨਾਕਾਬੰਦੀ ਦੌਰਾਨ ਲਵਪ੍ਰੀਤ ਸਿੰਘ ਉਰਫ ਬੌਬੀ ਪੁੱਤਰ ਗੁਰਮੇਜ ਸਿੰਘ ਵਾਸੀ ਭੋਡੇ ਥਾਣਾ ਬਿਲਗਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਉਪਰੰਤ ਪੁੱਛ-ਗਿੱਛ ਕਰਕੇ ਉਸ ਕੋਲੋ ਚੋਰੀ ਦੇ 8 ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ। ਮੁਲਜ਼ਮ ਵੱਲੋਂ ਨੋਟਰਸਾਈਕਲ ਚੋਰ ਗਿਰੋਹ ਦੇ ਮੈਂਬਰਾਂ ਬਾਰੇ ਦਿਤੀ ਜਾਣਕਾਰੀ ਅਨੁਸਾਰ ਇਸ ਕੇਸ ਵਿੱਚ ਦਲਜੀਤ ਸਿੰਘ ਉਰਫ ਸੋਨੂੰ ਪੁੱਤਰ ਬਲਵੀਰ ਸਿੰਘ ਤੇ ਜਸਵੰਤ ਸਿੰਘ ਉਰਫ ਬੀਰੂ ਪੁੱਤਰ ਗੁਰਨਾਮ ਸਿੰਘ ਵਾਸੀਆਨ ਭੋਡੇ ਨੂੰ ਨਾਮਜ਼ਦ ਕੀਤਾ ਗਿਆ ਹੈ।