ਸੁਰਜੀਤ ਮਜਾਰੀ
ਬੰਗਾ, 22 ਅਕਤੂਬਰ
ਕੁਦਰਤੀ ਰੂਪ ’ਚ ਦਿਵਿਆਂਗ ਜਸਵੰਤ ਕੁਮਾਰ ਸੋਨੂੰ ਨੇ ਆਪਣੇ ਜੱਦੀ ਪਿੰਡ ਔੜ ਨੂੰ ‘ਬੀਮਾ ਗਰਾਮ’ ਬਣਾ ਕੇ ਹਿੰਮਤ ਦੀ ਮਿਸਾਲ ਪੈਦਾ ਕੀਤੀ ਹੈ। ਉਸ ਨੇ ਬਤੌਰ ਏਜੰਸੀ ਧਾਰਕ ਪਿੰਡ ਵਾਸੀਆਂ ਨੂੰ ਐੱਲਆਈਸੀ ਦੀਆਂ ਵੱਖ ਵੱਖ ਪਾਲਸੀਆਂ ਨਾਲ ਜੋੜ ਕੇ ਇਹ ਮਾਣ ਹਾਸਲ ਕੀਤਾ ਹੈ। ਭਾਰਤੀ ਜੀਵਨ ਬੀਮਾ ਨਿਗਮ ਦੇ ਅਧਿਕਾਰੀਆਂ ਨੇ ਖੁਦ ਆ ਕੇ ਪਿੰਡ ਦੀ ਪੰਚਾਇਤ ਨੂੰ ਲੱਖ ਦਾ ਚੈੱਕ ਪ੍ਰਦਾਨ ਕੀਤਾ। ਨਿਗਮ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਕਪੂਰ ਸਿੰਘ ਨੇ ਕਿਹਾ ਕਿ ਜਸਵੰਤ ਕੁਮਾਰ ਇਹ ਉਦਾਹਰਣ ਪੈਦਾ ਕਰਕੇ ਦੂਜਿਆਂ ਲਈ ਪ੍ਰੇਰਨਾ ਬਣਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜੋਗ ਰਾਜ ਦੀ ਅਗਵਾਈ ’ਚ ਪੰਚਾਇਤ ਵੱਲੋਂ ਜਸਵੰਤ ਕੁਮਾਰ ਦਾ ਸਨਮਾਨ ਕੀਤਾ ਗਿਆ। ਪੰਚਾਇਤ ਮੈਂਬਰਾਂ ਵਲੋਂ ਪਿੰਡ ’ਚ ਸਾਂਝੇ ਕਾਰਜਾਂ ਲਈ ਉਸ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਗਈ।ਜਸਵੰਤ ਕੁਮਾਰ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਮਿਲੇ ਪਿਆਰ ਨੇ ਉਸ ਨੂੰ ਹਮੇਸ਼ਾ ਉਤਸ਼ਾਹ ਦਿੱਤਾ ਹੈ ਜਿਸ ਸਦਕਾ ਉਹ ਸਫ਼ਲ ਹੋਇਆ ਹੈ। ਇਸ ਮੌਕੇ ਸਾਖ਼ਾ ਪ੍ਰਬੰਧਕ ਬ੍ਰਹਮ ਦੇਵ, ਅਮਰਜੀਤ ਰੱਤੂ, ਵਿਕਾਸ ਅਧਿਕਾਰੀ ਜਸਵੀਰ ਸਿੰਘ ਤੇ ਪੰਚ ਭੁਪਿੰਦਰ ਕੁਮਾਰ ਰਾਜਾ ਸ਼ਾਮਲ ਸਨ।