ਪੱਤਰ ਪ੍ਰੇਰਕ
ਨਵਾਂਸ਼ਹਿਰ, 9 ਸਤੰਬਰ
ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਡੈਲੀਗੇਟ ਇਜਲਾਸ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਸੂਬਾਈ ਆਗੂ ਹਰਿੰਦਰ ਦੁਸਾਂਝ, ਮੁਕੇਸ਼ ਗੁਜਰਾਤੀ ਸੂਬਾਈ ਚੋਣ ਆਬਜ਼ਰਵਰ ਦੀ ਦੇਖ ਰੇਖ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ, ਬੰਗਾ ਰੋਡ ਨਵਾਂਸ਼ਹਿਰ ਵਿੱਚ ਹੋਇਆ। ਇਸ ਮੌਕੇ ਇਫਟੂ ਦੇ ਸੂਬਾਈ ਪ੍ਰਧਾਨ ਕਲਵਿੰਦਰ ਸਿੰਘ ਵੜੈਚ, ਬਲਵੀਰ ਸਿੰਘ ਖਾਨਪੁਰੀ ਸੂਬਾਈ ਕਨਵੀਨਰ ਡੈਮੋਕ੍ਰੇਟਿਕ ਪੈਨਸ਼ਨਰਜ਼ ਫਰੰਟ ਹਾਜ਼ਰ ਸਨ। ਇਜਲਾਸ ਵਿੱਚ 10 ਸਤੰਬਰ ਨੂੰ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਪੰਜਾਬ ਵਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਸੰਗਰੂਰ ਵਿੱਚ ਕੀਤੀ ਜਾਣ ਵਾਲੀ ਰੈਲੀ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ , ਬਿਲਕਿਸ ਬਾਨੋ ਦੇ ਬਲਾਤਕਾਰੀਆਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਗੁਜਰਾਤ ਸਰਕਾਰ ਵੱਲੋਂ ਰਿਹਾਅ ਕੀਤੇ ਗਏ ਕਾਤਲਾਂ ਨੂੰ ਮੁੜ ਜੇਲ੍ਹ ਵਿਚ ਬੰਦ ਕਰਨ ਦੇ ਮਤੇ ਪਾਸ ਕੀਤੇ ਗਏ। ਇਜਲਾਸ ਦੌਰਾਨ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਸ਼ੰਕੁਤਲਾ ਸਰੋਏ, ਸੀਨੀਅਰ ਮੀਤ ਪ੍ਰਧਾਨ ਹਰਬੰਸ ਕੌਰ ਮੁਜੱਫਰਪੁਰ, ਮੀਤ ਪ੍ਰਧਾਨ ਗੁਰਪਾਲ ਕੌਰ ਸੜੋਆ ਤੇ ਜਸਵੀਰ ਕੌਰ ਬਲਾਚੌਰ, ਜਨਰਲ ਸਕੱਤਰ ਬਲਵਿੰਦਰ ਕੌਰ ਬਾਗੋਵਾਲ, ਜਾਇੰਟ ਸਕੱਤਰ ਕੁਲਵਿੰਦਰ ਕੌਰ, ਸੀਮਾ ਸੁਜੋਂ, ਵਿੱਤ ਸਕੱਤਰ ਗੀਤਾ ਬੈਰਸੀਆਂ, ਪ੍ਰੈੱਸ ਸਕੱਤਰ ਰਾਜ ਰਾਣੀ ਸੁੱਜੋਂ, ਜਥੇਬੰਦਕ ਸਕੱਤਰ ਰਜਨੀ ਸੜੋਆ, ਸਹਾਇਕ ਵਿੱਤ ਸਕੱਤਰ ਗੁਰਪ੍ਰੀਤ ਕੌਰ ਮੁਕੰਦਪੁਰ, ਸਹਾਇਕ ਪ੍ਰੈੱਸ ਸਕੱਤਰ ਚਰਨਜੀਤ ਕੌਰ ਨਵਾਂਸ਼ਹਿਰ (ਅਰਬਨ) ਚੁਣੇ ਗਏ।