ਹਰਪ੍ਰੀਤ ਕੌਰ
ਹੁਸ਼ਿਆਰਪੁਰ, 7 ਅਕਤੂਬਰ
ਪੰਜਾਬ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀ) ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਸਥਾਨਕ ਰੇਲਵੇ ਰੋਡ ਸਥਿਤ ਬੈਂਕ ਦੇ ਬਾਹਰ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ। ਮੁਲਾਜ਼ਮ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਅਤੇ ਕਾਰਜਕਾਰੀ ਮੈਂਬਰ ਲਖਵਿੰਦਰ ਸਿੰਘ ਦੀ ਅਗਵਾਈ ਦਿੱਤੇ ਇਸ ਧਰਨੇ ਵਿਚ ਬੈਂਕ ਦੀਆਂ ਜ਼ਿਲ੍ਹੇ ਭਰ ਦੀਆਂ ਸਮੂਹ ਬਰਾਂਚਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ।
ਇਸ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਮੰਗ ਕੀਤੀ ਕਿ ਛੇਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ, ਕਰਮਚਾਰੀਆਂ ਦੀਆਂ ਤਰੱਕੀਆਂ ਜੋ ਲੰਬੇ ਸਮੇਂ ਤੋਂ ਲੰਬਿਤ ਪਈਆਂ ਹੋਈਆਂ ਹਨ, ਨੂੰ ਜਲਦੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਨੂੰ ਵੀ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਪੀ.ਏ.ਡੀ.ਬੀ ਦਸੂਹਾ ਦੇ ਮੈਨੇਜਰ ਵਿਨੇ ਸਿੱਧੂ, ਮੁਕੇਰੀਆਂ ਦੇ ਕੁਲਵੰਤ ਸਿੰਘ, ਹੁਸ਼ਿਆਰਪੁਰ ਦੇ ਸੁਖਰਾਜ ਸਿੰਘ, ਗੜ੍ਹਸ਼ੰਕਰ ਦੇ ਮੰਗਤ ਰਾਮ ਅਤੇ ਮਾਹਿਲਪੁਰ ਬਰਾਂਚ ਦੇ ਮੈਨੇਜਰ ਜੋਗਿੰਦਰ ਪਾਲ ਵੀ ਸ਼ਾਮਿਲ ਹੋਏ।