ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਅਪਰੈਲ
ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਚ ‘ਯੂਕਰੇਨ ਜੰਗ ਅਤੇ ਮਨੁੱਖੀ ਹੱਕਾਂ ਦਾ ਘਾਣ’ ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ ਗਈ। ਵਿਚਾਰ-ਚਰਚਾ ਦੀ ਪ੍ਰਧਾਨਗੀ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਡਾ. ਜਗਜੀਤ ਸਿੰਘ ਚੀਮਾ, ਐਡਵੋਕੇਟ ਐੱਨਕੇ ਜੀਤ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸੁਰਿੰਦਰ ਕੁਮਰੀ ਕੋਛੜ ਨੇ ਕੀਤੀ। ਮੁੱਖ ਬੁਲਾਰੇ ਐਡਵੋਕੇਟ ਐੱਨਕੇ ਜੀਤ ਨੇ ਕਿਹਾ ਕਿ ਕੋਈ ਵੀ ਜੰਗ ਮਸਲੇ ਦਾ ਹੱਲ ਨਹੀਂ, ਜੰਗ ਤਾਂ ਖੁਦ ਹੀ ਮਸਲਾ ਹੈ। ਇਹ ਜੰਗ ਸਾਮਰਾਜੀ ਤਾਕਤਾਂ ਵੱਲੋਂ ਕੁਦਰਤੀ ਸਰੋਤਾਂ ’ਤੇ ਕਬਜ਼ਾ ਕਰਨ ਲਈ ਲੋਕਾਂ ਉੱਪਰ ਜਬਰੀ ਠੋਸੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਕੌਮੀ, ਦੇਸ਼ ਭਗਤ, ਜਮਹੂਰੀ ਤੇ ਜਨਤਕ ਲੋਕਾਂ ਦਾ ਏਕਾ ਹੀ ਹੈ। ਵਿਚਾਰ-ਚਰਚਾ ’ਚ ਸਭਾ ਦੇ ਪ੍ਰਧਾਨ ਡਾ.ਜਗਜੀਤ ਸਿੰਘ ਚੀਮਾ, ਹਰਵਿੰਦਰ ਭੰਡਾਲ, ਰਮੇਸ਼ ਚੰਦਰ, ਬਿਹਾਰੀ ਲਾਲ ਛਾਬੜਾ, ਡਾ. ਸੈਲੇਸ਼ ਅਤੇ ਗੁਰਮੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਐਡਵੋਕੇਟ ਐੱਨਕੇ ਜੀਤ ਨੂੰ ਸਭਾ ਦੇ ਮੈਂਬਰਾਂ ਵਲੋਂ ਕਿਤਾਬਾਂ ਦਾ ਸੈੱਟ ਭੇਂਟ ਕਰਕੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਦਾ ਸਮਾਗਮ 8 ਅਪਰੈਲ ਦੀ ਇਤਿਹਾਸਕ ਮਹੱਤਤਾ ਤੇ ਭਗਤ ਸਿੰਘ, ਬੀਕੇ ਦੱਤ ਅਤੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਮਰਪਤ ਕੀਤਾ ਗਿਆ।