ਜਗਜੀਤ ਸਿੰਘ
ਮੁਕੇਰੀਆਂ, 10 ਅਕਤੂਬਰ
ਪਾਵਰਕੌਮ ਨੇ ਬਿੱਲ ਅਦਾ ਨਾ ਕਰਨ ਕਰਕੇ ਤਹਿਸੀਲ ਕੰਪਲੈਕਸ, ਪੀ. ਡਬਲਯੂ. ਡੀ. ਦਫ਼ਤਰ ਤੇ ਬੀਡੀਪੀਓ ਦਫ਼ਤਰ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਪਾਵਰਕੌਮ ਨੇ ਇਹ ਕਾਰਵਾਈ ਪਹਿਲਾਂ ਦਿੱਤੇ ਨੋਟਿਸਾਂ ਤੋਂ ਬਾਅਦ ਕੀਤੀ ਹੈ।
ਪਾਵਰਕੌਮ ਦੇ ਜੂਨੀਅਰ ਇੰਜਨੀਅਰ ਤਰਲੋਚਨ ਸਿੰਘ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਵੱਲ ਪਾਵਰਕੌਮ ਦਾ ਕਰੀਬ 28 ਲੱਖ ਰੁਪਏ ਦਾ ਬਿੱਲ ਖੜ੍ਹਾ ਸੀ, ਜਿਸ ਕਾਰਨ ਤਹਿਸੀਲ ਕੰਪਲੈਕਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਅਤੇ ਅਦਾਇਗੀ ਉਪਰੰਤ ਹੀ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਡੀਪੀਓ ਦਫ਼ਤਰ ਮੁਕੇਰੀਆ ਵੱਲ ਕਰੀਬ ਢਾਈ ਲੱਖ ਅਤੇ ਲੋਕ ਨਿਰਮਾਣ ਵਿਭਾਗ ਵੱਲ ਕਰੀਬ 1.17 ਲੱਖ ਦਾ ਬਿਜਲੀ ਬਿੱਲ ਖੜ੍ਹਾ ਹੈ। ਇਨ੍ਹਾਂ ਅਦਾਰਿਆਂ ਵੱਲੋਂ ਪਹਿਲਾਂ ਅਗਾਉਂ ਜਾਣਕਾਰੀ ਦੇਣ ਦੇ ਬਾਵਜੂਦ ਬਿੱਲ ਅਦਾ ਨਹੀਂ ਕੀਤਾ ਗਿਆ, ਜਿਸ ਕਾਰਨ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਉਪਰੰਤ ਇਹ ਕੁਨੈਕਸ਼ਨ ਕੱਟ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਜਲ ਸਪਲਾਈ ਤੇ ਸਿਵਲ ਹਸਪਤਾਲ ਮੁਕੇਰੀਆਂ ਸਮੇਤ ਹਲਕੇ ਦੇ ਸਿਹਤ ਕੇਂਦਰਾਂ ਵੱਲ ਵੀ ਲੱਖਾਂ ਰੁਪਏ ਦੇ ਬਿੱਲ ਖੜ੍ਹੇ ਹਨ, ਜਿਨ੍ਹਾ ਸਬੰਧੀ ਵਿਭਾਗੀ ਹੁਕਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪਾਵਰਕੌਮ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਸਰਕਾਰੀ ਅਦਾਰਿਆਂ ਵੱਲੋਂ ਬਿੱਲ ਅਦਾ ਨਹੀਂ ਕੀਤਾ ਗਿਆ, ਉਨ੍ਹਾਂ ਦੇ ਹੀ ਕੁਨੈਕਸ਼ਨ ਕੱਟੇ ਗਏ ਹਨ। ਸਿਵਲ ਹਸਪਤਾਲ ਵੱਲ ਵੀ ਕਰੀਬ 93 ਲੱਖ ਤੋਂ ਵੱਧ ਤੇ ਸਿਹ਼ਤ ਕੇਂਦਰਾਂ ਦੇ ਵੀ ਲੱਖਾਂ ਰੁਪਏ ਦੇ ਬਿੱਲ ਖੜ੍ਹੇ ਹਨ, ਜਿਸ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਪੱਤਰ ਲਿਖ ਕੇ ਬਿੱਲ ਅਦਾ ਕਰਨ ਲਈ ਆਖਿਆ ਗਿਆ ਹੈ। ਪਾਵਰਕੌਮ ਅਧਿਕਾਰੀ ਨੇ ਕਿਹਾ ਕਿ ਸਿਵਲ ਹਸਪਤਾਲ, ਸਿਹਤ ਕੇਂਦਰਾਂ ਤੇ ਜਲ ਸਪਲਾਈ ਸਕੀਮਾਂ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਕੁਝ ਜਲ ਸਪਲਾਈ ਸਕੀਮਾਂ ਦੇ ਵੀ ਲੱਖਾਂ ਰੁਪਏ ਦੇ ਬਿੱਲ ਖੜ੍ਹੇ ਹਨ। ਇਨ੍ਹਾਂ ਸਬੰਧੀ ਜਲਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਾਵਰਕੌਮ ਅਧਿਕਾਰੀਆਂ ਨਾਲ ਰਾਬਤਾ ਕੀਤਾ: ਤਹਿਸੀਲਦਾਰ
ਤਹਿਸੀਲਦਾਰ ਅਰਵਿੰਦ ਸਲਵਾਨ ਨੇ ਕਿਹਾ ਕਿ ਬਿਜਲੀ ਕੁਨੈਕਸ਼ਨ ਕੱਟੇ ਜਾਣ ਬਾਰੇ ਉਨ੍ਹਾਂ ਨੂੰ ਕਰੀਬ 4 ਵਜੇ ਜਾਣਕਾਰੀ ਮਿਲੀ ਸੀ, ਜਿਸ ਸਬੰਧੀ ਉਨ੍ਹਾਂ ਪਾਵਰਕੌਮ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਹੈ। ਤਹਿਸੀਲ ਦਫਤਰ ਵੱਲੋਂ ਅੱਜ ਕਰੀਬ 2 ਲੱਖ ਰੁਪਏ ਅਦਾ ਕਰ ਦਿੱਤੇ ਗਏ ਹਨ ਅਤੇ ਇੱਕ ਦੋ ਦਿਨਾਂ ਅੰਦਰ 5-6 ਲੱਖ ਰੁਪਏ ਹੋਰ ਅਦਾ ਕਰਕੇ ਕਿਸ਼ਤਾਂ ਵਿੱਚ ਅਦਾਇਗੀ ਕਰਨ ਦਾ ਭਰੋਸਾ ਦੇ ਕੇ ਭਲਕੇ ਕੁਨੈਕਸ਼ਨ ਜੁੜਵਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਿੱਲ ਦੀ ਅਦਾਇਗੀ ਸਬੰਧੀ ਡਿਪਟੀ ਕਮਿਸ਼ਨਰ ਕੋਲੋਂ ਸਾਢੇ 14 ਲੱਖ ਦੀ ਅਦਾਇਗੀ ਲਈ ਰਾਸ਼ੀ ਦੀ ਮੰਗ ਕੀਤੀ ਗਈ ਹੈ, ਜਿਹੜੀ ਕਿ ਜਲਦੀ ਹੀ ਮਿਲਣ ਦੀ ਸੰਭਾਵਨਾ ਹੈ। ਮਾਲ ਅਧਿਕਾਰੀ ਨੇ ਦੱਸਿਆ ਕਿ 28 ਲੱਖ ਦਾ ਬਿੱਲ ਕੇਵਲ ਤਹਿਸੀਲ ਕੰਪਲੈਕਸ ਦਾ ਨਾ ਹੋ ਕੇ 14 ਲੱਖ ਦੇ ਕਰੀਬ ਪਟਵਾਰ ਖਾਨੇ, ਕਰੀਬ 4 ਲੱਖ ਖ਼ਜਾਨਾ ਦਫ਼ਤਰ, 70000 ਫਰਦ ਕੇਂਦਰ ਸਮੇਤ ਸੇਵਾ ਕੇਂਦਰ ਤੇ ਹੋਰ ਦਫ਼ਤਰਾਂ ਦਾ ਬਿੱਲ ਹੈ, ਜਿਨ੍ਹਾਂ ਕੋਲੋਂ ਉਗਰਾਹ ਕੇ ਪਾਵਰਕੌਮ ਨੂੰ ਬਿੱਲ ਦੀ ਅਦਾਇਗੀ ਕਰ ਦਿੱਤੀ ਜਾਵੇਗੀ।