ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 18 ਅਕਤੂਬਰ
ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ ਅਤੇ ਇਲਾਕੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਵੱਲੋਂ ਪਿੰਡ ਮਹਿੰਦਵਾਣੀ ਵਿੱਚ ਪਿਛਲੇ 75 ਦਿਨਾਂ ਤੋਂ ਫੈਕਟਰੀ ਪ੍ਰਦੂਸ਼ਣ ਵਿਰੁੱਧ ਚੱਲ ਰਹੇ ਪੱਕੇ ਮੋਰਚੇ ਦੇ ਹੱਕ ਵਿੱਚ ਮੱਖਣ ਸਿੰਘ ਵਾਹਿਦਪੁਰੀ, ਸਤਪਾਲ ਲੱਠ, ਗੁਰਬਖਸ਼ ਕੌਰ, ਹਰਭਜਨ ਅਟਵਾਲ, ਹਰਮੇਸ਼ ਢੇਸੀ, ਸੋਢੀ ਰਾਮ, ਤਲਵਿੰਦਰ ਸਿੰਘ ਹੀਰ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਇਹ ਮਾਰਚ ਐੱਸਡੀਐੱਮ ਦਫ਼ਤਰ ਪਹੁੰਚ ਕੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੀਤ ਇਲਾਕੇ ਦੇ ਲੋਕ ਹਿਮਾਚਲ ਵਿੱਚ ਲੱਗੀ ਸਾਬਣ ਫੈਕਟਰੀ ਤੇ ਰਿਫਾਇਨਰੀ ਵੱਲੋਂ ਫੈਲਾਏ ਪ੍ਰਦੂਸ਼ਣ ਨਾਲ ਇਲਾਕੇ ਦੇ ਲੋਕਾਂ ਤੇ ਪਸ਼ੂਆਂ ਨੂੰ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਓਵਰਲੋਡ ਟਿੱਪਰਾਂ ਕਾਰਨ ਸੜਕਾਂ ਦੇ ਭਾਰੀ ਨੁਕਸਾਨ ਦੇ ਵਿਰੋਧ ’ਚ ਸੰਘਰਸ਼ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਹਿਮਾਚਲ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਇਹ ਮਸਲਾ ਹੱਲ ਕਰਨ ਦੀ ਬੇਨਤੀ ਕੀਤੀ ਗਈ ਪਰ ਪ੍ਰਸ਼ਾਸਨ ਵੱਲੋਂ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਤੁਰੰਤ ਬੰਦ ਕੀਤਾ ਜਾਵੇ, ਫੂਕੀ ਜਾ ਰਹੀ ਪਰਾਲੀ ’ਤੇ ਰੋਕ ਲਾਈ ਜਾਵੇ, ਵੱਖ-ਵੱਖ ਧਰਾਵਾਂ ਅਧੀਨ ਦਰਜਜ ਕੀਤੇ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ, ਆਗੂਆਂ ਨਾਲ ਦੁਰਵਿਹਾਰ ਕਰਨ ਵਾਲੇ ਐੱਸ.ਡੀ.ਐੱਮ ਦਾ ਤਬਾਦਲਾ ਕੀਤਾ ਜਾਵੇ, ਮਾਈਨਿੰਗ ਟਿੱਪਰ, ਘੋੜੇ ਤੇ ਫੈਕਟਰੀ ਦੇ ਭਾਰੀ ਵਾਹਨਾਂ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਫੈਕਟਰੀ ਪ੍ਰਦੂਸ਼ਣ ਕਾਰਨ ਬਿਮਾਰ ਲੋਕਾਂ ਤੇ ਪਸ਼ੁਆਂ ਦਾ ਇਲਾਜ ਸਰਕਾਰ ਆਪਣੇ ਖਰਚੇ ’ਤੇ ਕਰਵਾਏ ਜਾਂ ਇਸ ਦਾ ਖ਼ਰਚਾ ਫੈਕਟਰੀ ਮਾਲਕ ਸਿਰ ਪਾਇਆ ਜਾਵੇ ਆਦਿ।
ਧਰਨਾਕਾਰੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਪ੍ਰਸ਼ਾਸਨ ਨੇ ਜੇ ਮੰਗਾਂ ਦਾ ਕੋਈ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਫ਼ੈਕਟਰੀ ਮਾਲਕ ਦੀ ਹੋਵੇਗੀ। ਇਸ ਮੌਕੇ ਕਮੇਟੀ ਆਗੂ ਅਸ਼ੋਕ ਸ਼ਰਮਾ, ਕੁਲਭੂਸ਼ਨ ਕੁਮਾਰ, ਗੁਰਨੇਕ ਭੱਜਲ, ਮਹਿੰਦਰ ਕੁਮਾਰ ਵੱਢੋਆਣ, ਪ੍ਰਕਾਸ਼ ਲਾਦੀ, ਸਰਪੰਚ ਹਰਮੇਸ਼ ਲਾਲ, ਦਵਿੰਦਰ ਰਾਣਾ, ਮਹਾ ਸਿੰਘ ਰੋੜੀ, ਸਤੀਸ਼ ਰਾਣਾ, ਸੁਭਾਸ਼ ਮੱਟੂ, ਕਮਲ ਕਟਾਰੀਆ, ਹਰਮੇਸ਼ ਢੇਸੀ, ਰਵਿੰਦਰ ਜੋਸ਼ੀ, ਪਿਆਰਾ ਸਿੰਘ, ਗੁਰਦੇਵ ਬਾਗੀ ਨੇ ਸੰਬੋਧਨ ਕੀਤਾ।