ਭਗਵਾਨ ਦਾਸ ਸੰਦਲ
ਦਸੂਹਾ, 17 ਅਕਤੂਬਰ
ਇਥੇ ਪਿੰਡ ਬੁਧੋਬਰਕਤ ਦੀ ਵਸਨੀਕ ਵਿਧਵਾ ਬਿਰਧ ਤੇ ਉਸ ਦੇ ਦੋ ਅਪਾਹਜ ਪੁੱਤਰਾਂ ਦੀ ਕਥਿਤ ਕਬਜ਼ੇ ਹੇਠ ਜ਼ਮੀਨ ਛੁਡਵਾਉਣ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪੱਧਰੀ ਜੱਥੇਬੰਦੀ ਵੱਲੋਂ ਥਾਣਾ ਦਸੂਹਾ ਅੱਗੇ ਧਰਨਾ ਦਿੱਤਾ ਗਿਆ। ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ ਅਤੇ ਬੀਬੀ ਕਮਲੇਸ਼ ਕੌਰ ਭੁੱਲਾ ਦੀ ਅਗਵਾਈ ਹੇਠ ਦਿੱਤੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਤੇ ਬੀਬੀਆਂ ਨੇ ਸਮੂਲੀਅਤ ਕੀਤੀ। ਜਿਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਦਰਜ ਕਰਵਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਲਖਵਿੰਦਰ ਸਿੰਘ, ਵਰਿਆਮ ਨੰਗਲ ਤੇ ਜਗਜੀਤ ਸਿੰਘ ਜੱਗੀ ਨੇ ਕਿਹਾ ਕਿ ਬੁਧੋਬਰਕਤ ਵਿੱਚ ਕੁਝ ਅਸਰ ਰਸੂਖ ਵਾਲਿਆਂ ਨੇ ਵਿਧਵਾ ਬਿਰਧ ਰਜਿੰਦਰ ਕੌਰ ਦੀ ਇਕ ਏਕੜ ਜ਼ਮੀਨ ’ਤੇ ਗੰਨੇ ਦੀ ਫਸਲ ਵਾਹ ਕੇ ਜ਼ਬਰੀ ਝੋਨਾ ਲਾ ਦਿੱਤਾ ਹੈ। ਜਦੋਂਕਿ ਇਸ ਸਬੰਧੀ ਅਦਾਲਤ ਨੇ ਵੀ ਮਾਤਾ ਰਜਿੰਦਰ ਕੌਰ ਦੇ ਹੱਕ ’ਚ ਫੈਸਲਾ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੇ ਐੱਸ.ਐੱਸ.ਪੀ ਦੇ ਧਿਆਨ ਵਿੱਚ ਲਿਆਉਣ ਮਗਰੋਂ ਪਿਛਲੇ ਦਿਨੀਂ ਡੀਐੱਸਪੀ ਦਸੂਹਾ ਬਲਬੀਰ ਸਿੰਘ ਨੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਪੁਲੀਸ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਨਕਰ ਹੈ। ਇਸ ਲਈ ਇਨਸਾਫ ਮਿਲਣ ਤੱਕ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ।