ਪੱਤਰ ਪ੍ਰੇਰਕ
ਸ਼ਾਹਕੋਟ, 20 ਮਈ
ਕਿਸਾਨ ਸੰਘਰਸ਼ ਕਮੇਟੀ, ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਥੰਮੂਵਾਲ ਅਤੇ ਚੱਕ ਬਾਂਹਮਣੀਆਂ ਦੇ ਆਬਾਦਕਾਰਾਂ ਦੀਆਂ ਜ਼ਮੀਨਾਂ ਬਚਾਉਣ ਲਈ ਅੱਜ ਦੂਜੇ ਦਿਨ ਵੀ ਸ਼ਾਹਕੋਟ ਤੋਂ ਮੋਗਾ ਨੂੰ ਜਾਂਦੇ ਕੌਮੀ ਸ਼ਾਹਰਾਹ ’ਤੇ ਧਰਨਾ ਦਿੱਤਾ। ਕਿਸਾਨ ਜਥੇਬੰਦੀਆਂ ਦੇ ਆਗੂ ਸਲਵਿੰਦਰ ਸਿੰਘ ਜਾਣੀਆਂ, ਹਰਪ੍ਰੀਤ ਸਿੰਘ ਕੋਟਲੀ, ਜਗਦੀਸ਼ਪਾਲ ਸਿੰਘ, ਚਰਨਜੀਤ ਥੰਮੂਵਾਲ,ਗੁਰਚਰਨ ਸਿੰਘ ਚਾਹਲ ਅਤੇ ਦਰਸਨ ਸਿੰਘ ਵੇਹਰਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਸਖਤ ਮਿਹਨਤ ਨਾਲ ਚੱਕ ਬਾਂਹਮਣੀਆਂ ਦੀ 167 ਏਕੜ ਅਤੇ ਥੰਮੂਵਾਲ ਦੀ 97 ਏਕੜ ਆਬਾਦ ਕੀਤੀ ਜ਼ਮੀਨ ਨੂੰ ਪੰਜਾਬ ਸਰਕਾਰ ਪੰਚਾਇਤੀ ਜ਼ਮੀਨ ਐਲਾਨ ਕੇ ਕਿਸਾਨਾਂ ਦਾ ਉਜਾੜਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਉਕਤ ਜ਼ਮੀਨ ਵਿੱਚ ਕਾਸ਼ਤ ਕਰਨ ਦੇ ਨਾਲ-ਨਾਲ ਪਿਛਲੇ 50 ਸਾਲਾਂ ਤੋਂ ਕਰੀਬ 800 ਪਰਿਵਾਰ ਆਪਣੇ ਘਰ ਉਸਾਰ ਕੇ ਆਪਣਾ ਜੀਵਨ ਨਿਰਬਾਹ ਕਰਦੇ ਆ ਰਹੇ ਹਨ। ਬੁਲਾਰਿਆਂ ਨੇ ਕਿਹਾ ਵੀਰਵਾਰ ਨੂੰ ਉਕਤ ਜ਼ਮੀਨ ਦਾ ਕਬਜ਼ਾ ਲੈਣ ਲਈ ਦਖਲ ਪਾਉਣ ਆਏ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਬੇਰੰਗ ਮੁੜਨਾ ਪਿਆ ਸੀ। ਉਨ੍ਹਾਂ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ ’ਤੇ ਕਿਸਾਨਾਂ ਦੀਆਂ ਜ਼ਮੀਨਾਂ ਖੁੱਸਣ ਨਹੀਂ ਦੇਣਗੇ।