ਜਸਬੀਰ ਸਿੰਘ ਚਾਨਾ
ਫਗਵਾੜਾ, 7 ਫਰਵਰੀ
ਗੰਨਾ ਮਿੱਲ ਮਾਲਕਾ ਵਲੋਂ ਕਿਸਾਨਾਂ ਨਾਲ ਗੰਨੇ ਦੀ ਅਦਾਇਗੀ ਸਬੰਧੀ ਕੀਤੇ ਵਾਅਦੇ ’ਤੇ ਪੂਰਾ ਨਾ ਉਤਰਨ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ’ਚ ਕਿਸਾਨਾਂ ਨੇ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਕਰੀਬ ਚਾਰ ਘੰਟੇ ਸ਼ੂਗਰ ਮਿੱਲ ਦੇ ਬਾਹਰ ਧਰਨਾ ਦਿੱਤਾ ਤੇ ਨਾਅਰੇਬਾਜੀ ਕੀਤੀ। ਇਸ ਮੌਕੇ ਸ੍ਰੀ ਸਾਹਨੀ ਨੇ ਕਿਹਾ ਕਿ ਮਿੱਲ ਮਾਲਕਾਂ ਨੇ ਉਨ੍ਹਾਂ ਨਾਲ 2021-22 ਸੀਜ਼ਨ ਦੀ ਗੰਨੇ ਦੀ ਜੋ ਅਦਾਇਗੀ ਹੈ ਉਸ ਨੂੰ ਇੱਕ ਹਫ਼ਤੇ ਦੇ ਅੰਦਰ- ਅੰਦਰ ਕਰਨ ਦਾ ਇਕਰਾਰਨਾਮਾ ਕੀਤਾ ਸੀ ਪਰ ਇਸ ਦੇ ਬਾਵਜੂਦ ਮਿੱਲ ਮਾਲਕਾ ਵੱਲੋਂ 15 ਤੋਂ 16 ਦਿਨ ਦਾ ਗੈਪ ਅਦਾਇਗੀ ਨੂੰ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਕ੍ਰਿਪਾਲ ਸਿੰਘ ਮੁਸਾਪੂਰ ਨੇ ਕਿਹਾ ਕਿ ਮਿੱਲ ਵੱਲ 2019-20 ਦੀ ਕਰੀਬ 38 ਕਰੋੜ, 20-21 ਦੀ 8 ਕਰੋੜ ਤੇ 2021-22 ਦੀ 26 ਕਰੋੜ ਰੁਪਏ ਦੀ ਰਕਮ ਬਕਾਇਆ ਹੈ ਜੋ ਕੁੱਲ 64 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਮਿੱਲ ਮਾਲਕਾ ਨਾਲ ਕੁੱਝ ਦਿਨ ਪਹਿਲਾ ਮੀਟਿੰਗ ਹੋਈ ਸੀ ਪਰ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ ਜਿਸ ਕਾਰਨ ਉਨ੍ਹਾਂ ਨੂੰ ਅੱਜ ਇਕੱਠੇ ਹੋਣਾ ਪਿਆ।
ਮੌਕੇ ’ਤੇ ਐਸਪੀ ਹਰਿੰਦਰਪਾਲ ਸਿੰਘ, ਡੀ.ਐਸ.ਪੀ ਅਸ਼ਰੂ ਰਾਮ ਸ਼ਰਮਾ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਪੁੱਜ ਕੇ ਕਿਸਾਨਾਂ ਦੀ ਮਿੱਲ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਜਿਸ ’ਚ ਮਿੱਲ ਮਾਲਕਾ ਨੇ ਭਰੋਸਾ ਦਿੱਤਾ ਕਿ ਜੋ ਵੀ ਕਿਸਾਨਾਂ ਦੀਆਂ ਮੰਗਾਂ ਹਨ ਉਨ੍ਹਾਂ ਦਾ ਤੁਰੰਤ ਹੱਲ ਕਰ ਦਿੱਤਾ ਜਾਵੇਗਾ ਤੇ ਜੋ ਕਿਸਾਨਾਂ ਦੀ ਬਕਾਇਆ ਰਕਮ ਜੋ 15-16 ਦਿਨਾਂ ਦੀ ਹੈ ਉਸ ਨੂੰ ਅਸੀਂ 10 ਕੁ ਦਿਨਾਂ ’ਤੇ ਲਿਆਂਗੇ। ਜਿਸ ਦੇ ਭਰੋਸੇ ਮਗਰੋਂ ਕਿਸਾਨ ਸ਼ਾਂਤ ਹੋਏ ਤੇ ਧਰਨਾ ਸਮਾਪਤ ਹੋ ਗਿਆ। ਧਰਨੇ ’ਚ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੋਲੀ, ਲੁਖਪੀਰ ਸਿੰਘ ਰਾਣੀਪੁਰ, ਸੰਤੋਖ ਸਿੰਘ ਲੱਖਪੁਰ, ਬਲਵਿੰਦਰ ਚੱਕਮੰਡੇਰ, ਹਰਮੇਲ ਸਿੰਘ, ਜਥੇਦਾਰ ਹਰਜੀਤ ਸਿੰਘ, ਜਤਿੰਦਰ ਸਿੰਘ ਡੁਮੇਲੀ, ਤਰਲੋਕ ਸਿੰਘ ਭਬਿਆਣਾ, ਕਸ਼ਮੀਰ ਸਿੰਘ ਵਿਰਕ, ਸ਼ਰਨਜੀਤ ਆਠੋਲੀ, ਹਰਵਿੰਦਰ ਸਿੰਘ ਮਾਨਾਵਾਲੀ, ਗੁਲਜਿੰਦਰ ਸਿੰਘ ਚੱਕਪ੍ਰੇਮਾ, ਜੀਤੀ ਖੇੜਾ, ਗਗਨ ਭਾਖੜੀਆਣਾ ਵੀ ਸ਼ਾਮਲ ਸਨ।