ਜਸਬੀਰ ਸਿੰਘ ਚਾਨਾ
ਫਗਵਾੜਾ, 31 ਅਕਤੂਬਰ
ਪਿੰਡ ਮੇਹਟਾਂ ਵਿੱਚ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਦੇ ਮਨੋਰਥ ਨਾਲ ਆਏ ਇੱਕ ਵਿਅਕਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ ਪਰ ਪੁਲੀਸ ਵੱਲੋਂ ਪਿੰਡ ਵਾਸੀਆਂ ਨੂੰ ਭਰੋਸੇ ’ਚ ਲਏ ਬਿਨਾਂ ਛੱਡਣ ਦੇ ਮਾਮਲੇ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਅੱਜ ਸਤਨਾਮਪੁਰਾ ਥਾਣੇ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਅਤੇ ਨਕੋਦਰ ਨੂੰ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ ਹੈ।
ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ ਦੀ ਅਗਵਾਈ ਹੇਠ ਅੱਜ ਪਿੰਡ ਵਾਸੀ ਸਤਨਾਮਪੁਰਾ ਥਾਣੇ ’ਚ ਪੁੱਜੇ ਤੇ ਉਨ੍ਹਾਂ ਨੂੰ ਪੁੱਛਿਆ ਕਿ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਅੰਦਰ ਵੜਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਬਾਰੇ ਕੀ ਪੜਤਾਲ ਕੀਤੀ ਗਈ ਹੈ ਤਾਂ ਪੁਲੀਸ ਨੇ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਥਾਣੇ ਦੇ ਬਾਹਰ ਦਰੀਆਂ ਵਿਛਾ ਕੇ ਧਰਨਾ ਲਗਾ ਦਿੱਤਾ ਤੇ ਮੰਗ ਕੀਤੀ ਚਹੇੜੂ ਚੌਕੀ ਦੇ ਇੰਚਾਰਜ ਤੇ ਐੱਸਐੱਚਓ ਸਤਨਾਮਪੁਰਾ ਨੂੰ ਵਰਤੀ ਗਈ ਲਾਪ੍ਰਵਾਹੀ ਦੇ ਦੋਸ਼ ਹੇਠ ਮੁਅੱਤਲ ਕੀਤਾ ਜਾਵੇ। ਸ੍ਰੀ ਮੰਡ ਨੇ ਦੱਸਿਆ ਕਿ ਜਦੋਂ ਇਹ ਵਿਅਕਤੀ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਿੰਡ ਦੇ ਇੱਕ ਵਿਅਕਤੀ ਨੇ ਦੇਖ ਲਿਆ ਤਾਂ ਉਸਨੇ ਤੁਰੰਤ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਇਸ ਨੂੰ ਕਾਬੂ ਕਰ ਲਿਆ। ਜਦੋਂ ਉਨ੍ਹਾਂ ਵੱਲੋਂ ਇਸ ਦੀ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਉਸ ਨਾਲ 8 ਹੋਰ ਸਾਥੀ ਵੀ ਉਸਦੇ ਗੈਂਗ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਫੜਨ ਮੌਕੇ ਚੌਕੀ ਇੰਚਾਰਜ ਚਹੇੜੂ ਤੇ ਸਤਨਾਮਪੁਰਾ ਪੁਲੀਸ ਨੇ ਢਾਈ ਘੰਟੇ ਤੱਕ ਪਿੰਡ ਪੁੱਜਣਾ ਵਾਜ਼ਬਿ ਨਹੀਂ ਸਮਝਿਆ ਜਿਸ ਕਾਰਨ 112 ਨੰਬਰ ’ਤੇ ਕੀਤੀ ਕਾਲ ਮਗਰੋਂ ਦੋ ਕਰਮਚਾਰੀ ਆਏ ਤੇ ਇਸ ਨੂੰ ਥਾਣੇ ਲੈ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਜਾਣ ਬੁੱਝ ਕੇ ਗੁਰੂ ਸਾਹਿਬ ਦੇ ਗੁਟਕਿਆਂ ਦੀ ਬੇਅਦਬੀਆਂ ਕਰਨ ਵਾਲੇ ਲੋਕਾਂ ਨਾਲ ਸਖ਼ਤੀ ਨਾਲ ਨਹੀਂ ਨਜਿੱਠ ਰਹੀ ਤੇ ਫਗਵਾੜਾ ’ਚ ਕੁਝ ਮਹੀਨੇ ਪਹਿਲਾਂ ਬੰਗਾ ਰੋਡ ’ਤੇ ਇੱਕ ਬੇਅਦਬੀ ਦੀ ਘਟਨਾ ਵਾਪਰੀ ਹੈ ਜਿਸ ਦੇ ਦੋਸ਼ੀ ਅਜੇ ਕਾਬੂ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਆਪਣੀ ਮਰਜੀ ਨਾਲ ਹੀ ਇਸ ਵਿਅਕਤੀ ਨੂੰ ਛੱਡ ਦਿੱਤਾ ਜਦੋਂਕਿ ਕਾਬੂ ਕੀਤੇ ਵਿਅਕਤੀ ਦੀ ਕੋਈ ਸ਼ਨਾਖਤ ਤੱਕ ਲੈਣੀ ਪੁਲੀਸ ਨੇ ਜ਼ਰੂਰੀ ਨਹੀਂ ਸਮਝੀ। ਧਰਨੇ ਦੌਰਾਨ ਡੀ.ਐੱਸ.ਪੀ. ਤੋਂ ਇਲਾਵਾ ਕੋਈ ਸੀਨੀਅਰ ਪੁਲੀਸ ਤੇ ਸਿਵਲ ਪ੍ਰਸਾਸ਼ਨਿਕ ਅਧਿਕਾਰੀ ਨੇ ਮੌਕੇ ’ਤੇ ਪੁੱਜਣਾ ਜ਼ਰੂਰੀ ਨਹੀਂ ਸਮਝਿਆ। ਡੀ.ਐੱਸ.ਪੀ. ਨੇ ਮੌਕੇ ’ਤੇ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਜਦੋਂਕਿ ਉਨ੍ਹਾਂ ਚੌਕੀ ਇੰਚਾਰਜ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਧਰਨਾਕਾਰੀ ਐੱਸਐੱਚਓ ਤੇ ਚੌਕੀ ਇੰਚਾਰਜ ਨੂੰ ਮੁਅੱਤਲ ਕਰਨ ’ਤੇ ਅੜੇ ਹਨ ਜਿਸ ਕਾਰਨ ਧਰਨਾ ਅਜੇ ਵੀ ਜਾਰੀ ਹੈ ਤੇ ਧਰਨਾਕਾਰੀਆਂ ਨੇ ਟੈਂਟ ਲਗਾ ਕੇ ਆਪਣਾ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਮੰਡ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਇਸ ਧਰਨੇ ’ਚ ਸ਼ਾਮਲ ਹੋਣ।