ਪੱਤਰ ਪ੍ਰੇਰਕ
ਫਗਵਾੜਾ, 11 ਫਰਵਰੀ
ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੀ ਪਤਨੀ ਬੀਬੀ ਸਰਬਜੀਤ ਕੌਰ ਧਾਲੀਵਾਲ ਨੇ ਪਿੰਡਾਂ ’ਚ ਘਰ-ਘਰ ਚੋਣ ਪ੍ਰਚਾਰ ਕੀਤਾ। ਉਨ੍ਹਾਂ ਅੱਜ ਢੱਕ ਪੰਡੋਰੀ, ਚਾਚੋਕੀ ਤੇ ਉੱਚਾ ਪਿੰਡ ਵਿੱਚ ਘਰੋਂ-ਘਰੀ ਜਾ ਕੇ ਵੋਟਰਾਂ ਨਾਲ ਰਾਬਤਾ ਕੀਤਾ। ਇਸ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਇਲਾਵਾ ਅਕਤੂਬਰ-2019 ਵਿੱਚ ਹੋਈ ਜ਼ਿਮਨੀ ਚੋਣ ਤੋਂ ਬਾਅਦ ਸਿਰਫ ਢਾਈ ਸਾਲ ਵਿਧਾਇਕ ਰਹਿੰਦਿਆਂ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਕਰਵਾਏ ਵਿਕਾਸ ਦੇ ਨਾਮ ’ਤੇ 20 ਫਰਵਰੀ ਨੂੰ ਕਾਂਗਰਸ ਦੇ ਹੱਕ ’ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਬੀਬੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਫਗਵਾੜਾ ਦੇ ਸਮੁੱਚੇ ਪਿੰਡਾਂ ’ਚ ਬਿਨਾ ਕਿਸੇ ਪੱਖਪਾਤ ਤੋਂ ਵਿਕਾਸ ਲਈ ਗਰਾਂਟਾਂ ਜਾਰੀ ਕਰਵਾਈਆਂ ਹਨ ਤੇ ਪਿੰਡਾਂ ਦੀ ਨੁਹਾਰ ਬਦਲਣ ਦਾ ਕੰਮ ਕੀਤਾ ਹੈ। ਇਸ ਲਈ ਲੋਕ ਜਦੋਂ ਵੋਟ ਪਾਉਣ ਲਈ ਬੂਥ ’ਤੇ ਜਾਣ ਤਾਂ ਆਪਣੇ ਪਿੰਡ ’ਚ ਹੋਏ ਵਿਕਾਸ ਨੂੰ ਦੇਖ ਕੇ ਹੀ ਵੋਟ ਪਾਉਣ। ਇਸ ਮੌਕੇ ਨਿਸ਼ਾ ਰਾਣੀ ਖੇੜਾ, ਬੀਬੀ ਰੇਸ਼ਮ ਕੌਰ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਸਨੀ ਉੱਚਾ ਪਿੰਡ, ਸੁਖਪ੍ਰੀਤ ਕੌਰ, ਰਘਬੀਰ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।
ਵਿਧਾਇਕ ਧਾਲੀਵਾਲ ਵੱਲੋਂ ਚੋਣ ਮੀਟਿੰਗਾਂ
ਇਥੋਂ ਦੇ ਕਾਂਗਰਸੀ ਵਿਧਾਇਕ ਤੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਰੰਭੀ ਚੋਣ ਮੁਹਿੰਮ ਤਹਿਤ ਅੱਜ ਵੱਖ-ਵੱਖ ਥਾਵਾਂ ’ਤੇ ਰੈਲੀਆਂ ਕਰਕੇ ਕਾਂਗਰਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਤੇ ਆਉਂਦੀਆ ਵਿਧਾਨ ਸਭਾ ਚੋਣਾਂ ’ਚ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ। ਅੱਜ ਪਿੰਡ ਪਲਾਹੀ ਵਿੱਚ ਧਾਲੀਵਾਲ ਨੇ ਹੰਸਰਾਜ, ਜਸਪ੍ਰੀਤ ਸਿੰਘ ਜੱਸੀ, ਜੋ ਕਿ ਕੁਝ ਦਿਨ ਪਹਿਲਾਂ ‘ਆਪ’ ’ਚ ਸ਼ਾਮਲ ਹੋਏ ਸਨ, ਨੂੰ ਵਾਪਸ ਪਾਰਟੀ ’ਚ ਸ਼ਾਮਲ ਕੀਤਾ। ਇਸ ਉਪਰੰਤ ਉਨ੍ਹਾਂ ਪਿੰਡ ਨਸੀਰਾਬਾਦ, ਟਾਂਡਾ ਬਘਾਣਾ, ਰਿਹਾਣਾ ਜੱਟਾਂ, ਚਾਚੋਕੀ ਕਾਲੋਨੀ ਵਿਖੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ 111 ਦਿਨਾਂ ’ਚ ਰਿਕਾਰਡ ਤੋੜ ਕੰਮ ਕੀਤਾ ਹੈ ਤੇ ਅਗਾਂਹ ਵੀ ਮੌਕਾ ਦੇ ਕੇ ਕਾਂਗਰਸ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਦਾ ਸਰਬਪੱਖੀ ਵਿਕਾਸ ਹੋ ਸਕੇ।