ਪੱਤਰ ਪ੍ਰੇਰਕ
ਗੜ੍ਹਸ਼ੰਕਰ, 22 ਅਗਸਤ
ਇਥੇ ਤਹਿਸੀਲ ਦੇ ਪਿੰਡ ਪੱਦੀ ਸੂਰਾ ਸਿੰਘ ਦੇ ਸਰਪੰਚ ਵੱਲੋਂ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਕਥਿਤ ਤੌਰ ’ਤੇ ਕੀਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਸਾਬਿਤ ਹੋਣ ਦੇ ਬਾਵਜੂਦ ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਰਪੰਚ ਨੂੰ ਮੁਅੱਤਲ ਕਰਨ ਵਿੱਚ ਕੀਤੀ ਢਿੱਲ-ਮੱਠ ਕਾਰਨ ਪਿੰਡ ਦੇ ਵਿਕਾਸ ਕਾਰਜ ਠੱਪ ਹੋ ਗਏ ਹਨ। ਪਿੰਡ ਵਾਸੀਆਂ ਨੇ ਪਿੰਡ ਦੇ ਰੁਕੇ ਵਿਕਾਸ ਕਾਰਜਾਂ ਦੇ ਵਿਰੋਧ ਵਿੱਚ ਅੱਜ ਬੀਡੀਪੀਓ ਦਫ਼ਤਰ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਰਪੰਚ ਦੀ ਮੁਅੱਤਲੀ ਦੇ ਨਾ ਹੀ ਆਰਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਨਾ ਹੀ ਪਿੰਡ ਦੇ ਵਿਕਾਸ ਕੰਮਾਂ ਲਈ ਪ੍ਰਬੰਧਕ ਲਾਇਆ ਜਾ ਰਿਹਾ ਹੈ ਜਿਸ ਕਾਰਨ ਪਿੰਡ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਕੇ ਰਹਿ ਗਏ ਹਨ। ਇਸ ਮੌਕੇ ਗੱਲ ਕਰਦਿਆਂ ਪਿੰਡ ਦੇ ਵਸਨੀਕਾਂ ਹਰਨਾਮ ਸਿੰਘ, ਪੰਚਾਇਤ ਮੈਂਬਰ ਜਸਵੀਰ ਸਿੰਘ, ਬਲਵੰਤ ਸਿੰਘ, ਸ਼ਿੰਦਾ ਸਿੰਘ, ਭਜਨ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਅਮਰੀਕ ਸਿੰਘ ’ਤੇ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਸਨ। ਇਸ ਦੇ ਚੱਲਦਿਆਂ ਵਿਭਾਗ ਵੱਲੋਂ ਸਬੰਧਤ ਸਰਪੰਚ ਨੂੰ ਮੁਅੱਤਲ ਕਰਕੇ ਪ੍ਰਬੰਧਕ ਲਾਉਣ ਦੀ ਕਾਰਵਾਈ ਵਿੱਚ ਢਿੱਲ ਮੱਠ ਕੀਤੀ ਜਾ ਰਹੀ ਹੈ ਜਿਸ ਕਰਕੇ ਪਿੰਡ ਵਿੱਚ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਕੀਤੀ ਸ਼ਿਕਾਇਤ ’ਤੇ ਮਾਲ ਮਹਿਕਮੇ ਵੱਲੋਂ ਦੋ ਸਾਲ ਪਹਿਲਾਂ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਜਿਸ ਨਾਲ ਸਰਪੰਚ ਅਮਰੀਕ ਸਿੰਘ ’ਤੇ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਸਾਬਤ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਕਰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਡਾਇਰੈਕਟਰ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸਬੰਧਤ ਸਰਪੰਚ ਨੂੰ ਮੁਅੱਤਲ ਕਰਨ ਬਾਰੇ ਲਿਖਿਆ ਗਿਆ ਸੀ ਪਰ ਇਸ ਸਬੰਧੀ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਕਰਕੇ ਪਿੰਡ ਦੇ ਵਿਕਾਸ ਕੰਮ ਠੱਪ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਗਲੀਆਂ ਨਾਲੀਆਂ ਦੇ ਨਿਰਮਾਣ ਅਤੇ ਗੰਦੇ ਛੱਪੜ ਦੇ ਪਾਣੀ ਦੀ ਨਿਕਾਸੀ ਸਬੰਧੀ ਕੰਮ ਪ੍ਰਭਾਵਿਤ ਹੋ ਗਏ ਹਨ। ਇਸ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਲੋਕਾਂ ਦਾ ਜੀਉਣਾ ਮੁਸ਼ਕਿਲ ਬਣ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਦੇ ਸਰਪੰਚ ਦੇ ਮੁਅੱਤਲੀ ਆਰਡਰ ਜਾਰੀ ਕਰਕੇ ਇੱਥੇ ਪ੍ਰਬੰਧਕ ਨਿਯੁਕਤ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।
ਆਰਡਰ ਨਾ ਆਉਣ ਕਾਰਨ ਪ੍ਰਬੰਧਕ ਦੀ ਨਿਯੁਕਤੀ ਰੁਕੀ: ਬੀਡੀਪੀਓ
ਬੀਡੀਪੀਓ ਮਨਜਿੰਦਰ ਕੌਰ ਨੇ ਕਿਹਾ ਕਿ ਸਰਪੰਚ ਅਮਰੀਕ ਸਿੰਘ ’ਤੇ ਪਿੰਡ ਦੀ ਸਾਮਲਾਟ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਸਾਬਿਤ ਹੋ ਚੁੱਕੇ ਹਨ ਅਤੇ ਵਿਭਾਗ ਨੂੰ ਸਰਪੰਚ ਦੀ ਮੁਅੱਤਲੀ ਸਬੰਧੀ ਲਿਖਿਆ ਵੀ ਜਾ ਚੁੱਕਾ ਹੈ ਪਰ ਮੁਅੱਤਲੀ ਆਰਡਰ ਨਾ ਆਉਣ ਕਾਰਨ ਪਿੰਡ ਲਈ ਕੋਈ ਪ੍ਰਬੰਧਕ ਨਿਯੁਕਤ ਨਹੀਂ ਕੀਤਾ ਜਾ ਸਕਦਾ।