ਭਗਵਾਨ ਦਾਸ ਸੰਦਲ
ਦਸੂਹਾ, 29 ਜਨਵਰੀ
ਇਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਦੀ ਵਿਕਰੀ ਨੂੰ ਠੱਲ੍ਹ ਪਾਉਣ ਲਈ ਤਿਆਰ ਕੀਤੇ ਮਾਸਟਰ ਪਲਾਨ ਦੀ ਫੂਕ ਨਿਕਲ ਕੇ ਰਹਿ ਗਈ। ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਚੀਨੀ ਡੋਰ ਧੜੱਲੇ ਨਾਲ ਵਰਤੀ ਗਈ। ਭਾਵੇਂ ਬਸੰਤ ਪਚੰਮੀ ਦਾ ਤਿਉਹਾਰ ਲੰਘ ਚੁੱਕਿਆ ਹੈ ਪਰ ਚੀਨੀ ਡੋਰ ਨਾਲ ਅਸਮਾਨੀ ਉਡਦੀਆਂ ਪਤੰਗਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਮੁਹੱਲਿਆਂ ਦੀਆਂ ਗਲ਼ੀਆਂ ਤੇ ਸੜਕਾਂ ਵਿਚਕਾਰ ਖਿਲਰੀ ਚੀਨੀ ਡੋਰ ਦੇ ਗੁੱਛੇ ਆਮ ਦੇਖੇ ਜਾ ਸਕਦੇ ਹਨ ਜੋ ਜਾਨਲੇਵਾ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ । ਬਸੰਤ ਪੰਚਮੀ ਤੋਂ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਸਖਤੀ ਦਿਖਾਈ ਗਈ ਸੀ ਜਿਸ ਤਹਿਤ ਕੁਝ ਪਤੰਗ ਤੇ ਡੋਰ ਵਿਕਰੇਤਾਵਾਂ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਚੀਨੀ ਡੋਰ ਦੇ ਗੱਟੂਆਂ ਦੀ ਖੇਪ ਵੀ ਬਰਾਮਦ ਕੀਤੀ ਗਈ ਤੇ ਦੋ ਜਣਿਆਂ ਵਿਰੁੱਧ ਮਾਮਲੇ ਵੀ ਦਰਜ ਕੀਤੇ ਗਏ ਸਨ। ਇਸ ਦੇ ਬਾਵਜੂਦ ਇਲਾਕੇ ‘ਚ ਚੀਨੀ ਡੋਰ ਦੀ ਵਿਕਰੀ ਨੂੰ ਠੱਲ ਨਾ ਪਈ ਤੇ ਲੁੱਕਵੇਂ ਤਰੀਕਿਆਂ ਨਾਲ ਇਸ ਦੀ ਵਿਕਰੀ ਜਾਰੀ ਹੈ। ਇਕ ਪਤੰਗ ਵਿਕਰੇਤਾ ਨੇ ਦੱਸਿਆ ਕਿ ਬਸੰਤ ਪਚੰਮੀ ਦੇ ਤਿਉਹਾਰ ਤੋਂ ਕਰੀਬ 6 ਮਹੀਨੇ ਪਹਿਲਾਂ ਹੀ ਲੱਖਾਂ ਰੁਪਏ ਦੀ ਚੀਨੀ ਡੋਰ ਸਟੋਰ ਕਰ ਲਈ ਜਾਂਦੀ ਹੈ ਜਦੋਂ ਕਿ ਇਸ ਦੇ ਨੁਕਸਾਨਾਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਪਤੰਗਬਾਜ਼ ਸੂਤੀ ਡੋਰ ਦੀ ਖਰੀਦ ਨਹੀਂ ਕਰਦਾ।
ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ, ਸਮਾਜ ਸੇਵੀ ਕਰਨਲ ਕੋਟੂ ਫੁੱਲ, ਕਾਮਰੇਡ ਵਿਜੇ ਕੁਮਾਰ, ਅਸ਼ੋਕ ਕੁਮਾਰ ਸਮੇਤ ਹੋਰ ਵਾਤਾਵਰਣ ਪ੍ਰੇਮੀਆ ਨੇ ਆਖਿਆ ਕਿ ਭਾਵੇਂ ਇਸ ਖੂਨੀ ਡੋਰ ਵੇਚਣ ਵਾਲਿਆਂ ਦੇ ਖਿਲਾਫ਼ ਡੀ.ਸੀ. ਅਤੇ ਪੁਲੀਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ, ਜਿਸ ਦੀ ਮੌਕੇ ‘ਤੇ ਹੀ ਜ਼ਮਾਨਤ ਹੋ ਜਾਂਦੀ ਹੈ, ਜਦਕਿ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਚੀਨੀ ਡੋਰ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ਼ ਗੈਰ-ਜਮਾਨਤੀ ਧਾਰਾ ਸਮੇਤ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।