ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਜਨਵਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਂਤਮਈ ਧਰਨਿਆਂ ਲਈ 9 ਥਾਵਾਂ ਨਿਰਧਾਰਤ ਕੀਤੀਆਂ ਹਨ ਤਾਂ ਕਿ ਵੱਖ-ਵੱਖ ਸੰਗਠਨਾਂ ਵਲੋਂ ਕੀਤੇ ਜਾਂਦੇ ਧਰਨਿਆਂ ਤੋਂ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਾਂਤਮਈ ਧਰਨਿਆਂ ਲਈ ਥਾਵਾਂ ਦੀ ਚੋਣ ਬਹੁਤ ਹੀ ਸੋਚ ਵਿਚਾਰ ਮਗਰੋਂ ਕੀਤੀ ਗਈ ਹੈ ਤਾਂ ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਾਂ ਸੰਸਥਾਵਾਂ ਵਲੋਂ ਰੋਸ ਵਿਖਾਵਿਆਂ ਦੌਰਾਨ ਆਮ ਜਨ ਜੀਵਨ ਪ੍ਰਭਾਵਿਤ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਸ਼ਾਂਤਮਈ ਧਰਨਿਆਂ ਲਈ ਪੁੱਡਾ ਗਰਾਊਂਡ ਤਹਿਸੀਲ ਕੰਪਲੈਕਸ ਜਲੰਧਰ ਦੇ ਸਾਹਮਣੇ, ਦੇਸ਼ ਭਗਤ ਯਾਦਗਾਰ ਹਾਲ, ਬਰਲਟਨ ਪਾਰਕ, ਦੁਸਹਿਰਾ ਗਰਾਊਂਡ ਜਲੰਧਰ ਛਾਉਣੀ, ਇੰਪਰੂਵਮੈਂਟ ਟਰੱਸਟ ਗਰਾਊਂਡ ਕਰਤਾਰਪੁਰ, ਦਾਣਾ ਮੰਡੀ ਭੋਗਪੁਰ, ਕਪੂਰਥਲਾ ਰੋਡ ਨਕੋਦਰ ਦਾ ਪੱਛਮੀ ਪਾਸਾ, ਦਾਣਾ ਮੰਡੀ ਪਿੰਡ ਸੈਫ਼ਾਵਾਲਾ(ਫਿਲੌਰ) ਅਤੇ ਨਗਰ ਪੰਚਾਇਤ ਕੰਪਲੈਕਸ ਸ਼ਾਹਕੋਟ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਇਹ ਸਥਾਨ ਕੇਵਲ ਸ਼ਾਂਤਮਈ ਧਰਨਿਆਂ ਲਈ ਹੀ ਨਿਰਧਾਰਤ ਕੀਤੇ ਗਏ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਤੋਂ ਪਹਿਲਾਂ ਕਮਿਸ਼ਨਰ ਪੁਲੀਸ ਜਾਂ ਸਬੰਧਤ ਉਪ ਮੰਡਲ ਮੈਜਿਸਟਰੇਟ, ਜੋ ਵੀ ਲਾਗੂ ਹੋਵੇ, ਪਾਸੋਂ ਧਰਨੇ ਦੀ ਅਗਾਉਂ ਪ੍ਰਵਾਨਗੀ ਲੈਣੀ ਹੋਵੇਗੀ। ਇਹ ਹੁਕਮ ਸੱਤ ਮਾਰਚ ਤੱਕ ਲਾਗੂ ਰਹਿਣਗੇ।