ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਅਗਸਤ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 890 ਪਿੰਡਾਂ ਵਿੱਚ ਲਗਾਏ ਗਏ 4.89 ਲੱਖ ਬੂਟੇ ਲਾਏ ਗਏ ਸਨ। ੳਨ੍ਹਾਂ ਦੀ ਸੇਵਾ ਸੰਭਾਲ ਲਈ ਹਰ ਪਿੰਡ ਵਿੱਚ ਦੋ ਵਣ ਮਿੱਤਰ ਤਾਇਨਾਤ ਕੀਤੇ ਗਏ ਹਨ ਤੇ ਇਸ ਤਰ੍ਹਾਂ ਜ਼ਿਲ੍ਹੇ ਭਰ ਵਿੱਚ 1780 ਵਣ ਮਿੱਤਰ ਨਿਗਰਾਨੀ ਲਈ ਲਾ ਦਿੱਤੇ ਗਏ ਹਨ। ਇੰਨ੍ਹਾਂ ਵਣ ਮਿੱਤਰਾਂ ਵੱਲੋਂ ਪੌਦਿਆਂ ਦੀ ਸੁਰੱਖਿਆ ਅਤੇ ਪਾਣੀ ਦੇਣ ਤੋਂ ਇਲਾਵਾ ਪਸ਼ੂਆਂ ਤੋਂ ਰੱਖਿਆ ਕੀਤੀ ਜਾਵੇਗੀ। ਪਿਛਲੇ ਸਾਲ 550ਵੇਂ ਪ੍ਰਕਾਸ਼ ਪੁਰਬ ਮੌਕੇ ਸੱਜਦਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਸੀ। ਜ਼ਿਲ੍ਹੇ ਵਿੱਚ 1780 ਵਣ ਮਿੱਤਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਗਨਰੇਗਾ ਤਹਿਤ ਲਗਾਏ ਗਏ ਹਨ, ਜਿਨ੍ਹਾਂ ’ਤੇ ਸੂਬਾ ਸਰਕਾਰ ਵੱਲੋਂ 11.65 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਵਿੱਚ ਲਗਾਏ ਗਏ ਪੌਦਿਆਂ ਦੀ ਸਹੀ ਢੰਗ ਨਾਲ ਦੇਖ-ਭਾਲ ਲਈ ਦੋ-ਦੋ ਵਣ ਮਿੱਤਰ ਤਾਇਨਾਤ ਕੀਤੇ ਗਏ ਹਨ ਤਾਂ ਜੋ ਜ਼ਿਲ੍ਹੇ ਵਿੱਚ ਹਰਿਆਵਲ ਹੇਠ ਰਕਬੇ ਨੂੰ ਵਧਾ ਕੇ ਮਹਾਨ ਗੁਰੂ ਨੂੰ ਸਿਜਦਾ ਕੀਤਾ ਜਾ ਸਕੇ।