ਪਾਲ ਸਿੰਘ ਨੌਲੀ
ਜਲੰਧਰ, 9 ਮਈ
ਇਥੋਂ ਦੇ ਬਸਤੀ ਸ਼ੇਖ ਇਲਾਕੇ ਵਿਚ ਹੋਏ ਝਗੜੇ ’ਚ ਇੱਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ (50) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਇਹ ਝਗੜਾ ਦਰਾਣੀ-ਜਠਾਣੀ ਵਿਚ ਹੋ ਰਿਹਾ ਸੀ। ਪਰਿਵਾਰਕ ਮੈਂਬਰ ਇਕ-ਦੂਜੇ ਦੇ ਇੱਟਾਂ ਮਾਰ ਰਹੇ ਸਨ। ਇਹ ਝਗੜਾ ਇੰਨਾ ਵਧ ਗਿਆ ਕਿ ਇਸ ਨੇ ਇਕ ਵਿਅਕਤੀ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਝਗੜੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਅੱਗੇ ਆਇਆ ਤਾਂ ਉਸ ਉੱਪਰ ਵੀ ਇੱਟਾਂ ਨਾਲ ਹਮਲਾ ਕਰ ਦਿੱਤਾ ਗਿਆ। ਅੱਖੀਂ ਦੇਖਣ ਵਾਲਿਆਂ ਅਨੁਸਾਰ ਇਕ ਇੱਟ ਅਸ਼ਵਨੀ ਕੁਮਾਰ ਦੇ ਸਿਰ ਵਿਚ ਆ ਕੇ ਵੱਜੀ ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਦੇ ਇੱਟ ਮਾਰਨ ਵਾਲਿਆਂ ਵਿਚ ਉਸ ਦੀ ਵੱਡੀ ਭਰਜਾਈ ਤੇ ਉਸ ਤੇ ਉਸ ਦੀਆਂ ਦੋ ਧੀਆਂ ਸ਼ਾਮਲ ਹਨ।
ਅਸ਼ਵਨੀ ਕੁਮਾਰ ਦੇ ਸੱਟ ਲੱਗਣ ਨਾਲ ਉਸ ਦੇ ਸਿਰ ਵਿਚੋਂ ਲਗਾਤਾਰ ਖੂਨ ਵਗ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰਕ ਝਗੜਾ ਸੀ ਜੋ ਘਰ ਦੀ ਜਾਇਦਾਦ ਦੀ ਵੰਡ ਨੂੰ ਲੈ ਕੇ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੀ ਭਰਜਾਈ ਤੇ ਉਸ ਦੀਆਂ ਦੋ ਲੜਕੀਆਂ ਘਰੋਂ ਫਰਾਰ ਹਨ ਤੇ ਪੁਲੀਸ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਲਿਜਾਇਆ ਗਿਆ ਹੈ।