ਹੁਸ਼ਿਆਰਪੁਰ: ਸਿਹਤ ਵਿਭਾਗ ਵੱਲੋਂ ਬਰਸਾਤੀ ਬਿਮਾਰੀਆਂ ਤੋਂ ਬਚਾਅ ਲਈ ਅੱਜ ਜ਼ਿਲ੍ਹ ਐਪੀਡਮੋਲੋਜਿਸਟ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਐਂਟੀ ਲਾਰਵਾ ਵਿੰਗ ਤੇ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਡੇਂਗੂ ਸਬੰਧੀ ਸਰਵੇ ਕੀਤਾ ਅਤੇ ਡੇਂਗੂ ਦੇ ਲਾਰਵੇ ਨੂੰ ਨਸ਼ਟ ਕੀਤਾ। ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਹਸਪਤਾਲ ਵਿੱਚ ਵੀ ਟੀਮ ਵੱਲੋਂ ਸਰਵੇ ਕੀਤਾ ਗਿਆ ਅਤੇ ਸੀਵਰੇਜ ਲੀਕ ਹੋਣ ਕਾਰਨ ਇਕੱਠੇ ਹੋਏ ਪਾਣੀ ਵਿਚ ਦਵਾਈ ਦਾ ਛਿੜਕਾਅ ਕੀਤਾ ਗਿਆ। ਹਸਪਤਾਲ ਵਿਚਲੇ ਰਿਹਾਇਸ਼ੀ ਕੁਆਰਟਰਾਂ ਦਾ ਵੀ ਮੁਆਇਨਾ ਕਰਕੇ ਮੱਛਰਾਂ ਦੇ ਲਾਰਵੇ ਨੂੰ ਨਸ਼ਟ ਕੀਤਾ ਗਿਆ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਸਪਾਸ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਸਾਫ਼ ਸਫ਼ਾਈ ਦਾ ਵਿਸ਼ੇਸ਼ ਖਿਆਲ ਰੱਖਣ। -ਪੱਤਰ ਪ੍ਰੇਰਕ