ਜੋਗਿੰਦਰ ਸਿੰਘ ਕੁੱਲੇਵਾਲ
ਗੜ੍ਹਸ਼ੰਕਰ, 22 ਸਤੰਬਰ
ਇਥੇ ਜੰਗਲਾਤ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਅੱਜ ਵਰਕਰਾਂ ਨੇ ਆਪਣੀਆਂ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਕਰਨ ਤੇ ਹੋਰ ਮੰਗਾਂ ਲਈ ਸਥਾਨਕ ਵਣ ਮੰਡਲ ਅਫਸਰ ਦਫ਼ਤਰ ਅੱਗੇ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਕੀਤਾ ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਅਮਰੀਕ ਸਿੰਘ ਅਤੇ ਰੇਂਜ ਪ੍ਰਧਾਨ ਪਵਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 5-6 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ਦੇ ਪਰਿਵਾਰ ਫਾਕੇ ਕੱਟਣ ਲਈ ਮਜਬੂਰ ਹਨ ਬੱਚਿਆਂ ਦੀਆਂ ਫੀਸਾਂ ਘਰ ਦੇ ਹੋਰ ਖਰਚ ਕਰਨ ਤੋਂ ਤੰਗ ਹਨ। ਇਸ ਹਾਲਤ ਵਿੱਚ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ ਦੁਕਾਨਦਾਰਾਂ ਨੇ ਉਧਾਰ ਦੇਣਾ ਵੀ ਬੰਦ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਮਾਨਸਿਕ ਪ੍ਰੇਸ਼ਾਨੀਆਂ ’ਚੋਂ ਗੁਜ਼ਰ ਰਹੇ ਹਨ। ਆਗੂਆਂ ਨੇ ਮੰਗ ਕੀਤੀ ਤਨਖਾਹਾਂ ਜਲਦੀ ਜਾਰੀ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਸ਼ੁੱਕਰਵਾਰ ਤੱਕ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਸਾਰੇ ਵਰਕਰ ਸ਼ਹਿਰ ਅੰਦਰ ਰੋਸ ਮਾਰਚ ਕਰ ਕੇ ਵਣ ਮੰਡਲ ਅਫਸਰ ਦੇ ਦਫਤਰ ਅੱਗੇ ਭਰਵੀਂ ਰੈਲੀ ਕਰਨਗੇ, ਜਿਸਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਅਮਰੀਕ ਸਿੰਘ, ਪਵਨ ਕੁਮਾਰ, ਗੋਪੀ ਸਿੰਘ, ਹਰਭਜਨ ਸਿੰਘ, ਸੁਭਾਸ਼ ਕੁਮਾਰ, ਦਵਿੰਦਰ ਸਿੰਘ, ਸੁਰਜੀਤ ਸਿੰਘ, ਇੰਦਰਜੀਤ, ਰਾਜੀਵ ਕੁਮਾਰ ਅਤੇ ਪੀਰ ਬਖਸ਼ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।