ਪੱਤਰ ਪ੍ਰੇਰਕ
ਹੁਸ਼ਿਆਰਪੁਰ, 28 ਜੂਨ
ਪੰਜਾਬ ਯੂ.ਟੀ ਮੁਲਾਜ਼ਮ ਤੇ ਸਾਂਝਾ ਪੈਨਸ਼ਨਰਜ਼ ਫ਼ਰੰਟ ਦੇ ਸੱਦੇ ’ਤੇ ਪੰਜਾਬ ਸਰਕਾਰ ਦੇ ਪਲੇਠੇ ਬਜਟ ਨੂੰ ਰੱਦ ਕਰਦਿਆਂ ਪੰਜਾਬ ਜਲ ਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵਲੋਂ ਪੰਜਾਬ ਜਲ ਸਰੋਤ ਇੰਪਲਾਈਜ਼ ਯੂਨੀਅਨ (ਟੇਵੂ) ਦੇ ਯੁੁੂਨਿਟ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਹੇਠ ਸਰਕਲ ਦਫ਼ਤਰ ਦੇ ਬਾਹਰ ਬਜਟ ਦੀਆਂ ਕਾਪੀਆਂ ਫ਼ੂਕ ਕੇ ਮੁਜ਼ਾਹਰਾ ਕੀਤਾ ਗਿਆ। ਸਾਂਝਾ ਫ਼ਰੰਟ ਦੇ ਸੂਬਾ ਕਨਵੀਨਰ ਤੇ ਟੇਵੂ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਕਿਹਾ ਕਿ ਇਹ ਬਜਟ ਕਾਰਪੋਰੇਟ ਪੱਖੀ ਹੈ। ਇਸ ਬਜਟ ’ਚ ਸ਼ੇਖਚਿਲੀ ਵਾਲੇ ਸੁਪਨੇ ਦਿਖਾਏ ਗਏ ਹਨ। ਦੂਜੇ ਪਾਸੇ ਸਰਕਾਰ ਵਲੋਂ ਦਿੱਤੇ ਗਏ ਬੇਲੋੜੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਮੁਲਾਜ਼ਮਾਂ ਨੂੰ ਛੂਹਿਆ ਤੱਕ ਨਹੀਂ ਗਿਆ। ਉਨ੍ਹਾਂ ਕਿਹਾ ਕਿ ਦੋ ਲੱਖ ਤੋਂ ਵੱਧ ਕੱਚੇ ਮੁਲਾਜ਼ਮਾਂ ਵਿਚੋਂ ਸਿਰਫ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ ਮਾਣ ਭੱਤਾ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਆਸ ਲਗਾਈ ਬੈਠੇ ਮੁਲਾਜ਼ਮਾਂ ਨੂੰ ਵੀ ਨਿਰਾਸ਼ ਕੀਤਾ ਗਿਆ ਹੈ। ਰਾਣਾ ਨੇ ਕਿਹਾ ਕਿ ਸਾਂਝਾ ਫ਼ਰੰਟ ਦੇ ਸੱਦੇ ’ਤੇ ਬਜਟ ਦੀਆਂ ਕਾਪੀਆਂ ਲਗਾਤਾਰ ਸਾੜੀਆਂ ਜਾਣਗੀਆਂ ਅਤੇ ਜਲਦੀ ਹੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਯੁੂਨਿਟ ਸਕੱਤਰ ਗਗਨਦੀਪ, ਜਤਿੰਦਰ ਸਿੰਘ ਠੰਡਲ, ਵਿਸ਼ਾਲ ਠਾਕੁਰ, ਕੁਲਵਿੰਦਰ ਕੁਮਾਰ, ਹਰਵਿੰਦਰ ਕੁਮਾਰ, ਰਾਜੇਸ਼ ਕੁਮਾਰ, ਵਰੁਣ ਭਨੋਟ, ਸੋਨੀਆ ਠਾਕੁਰ, ਵਰਿੰਦਰ ਸਿੰਘ, ਅਨੀਤਾ ਦੇਵੀ, ਸੁਖਵਿੰਦਰ ਕੌਰ ਆਦਿ ਮੌਜੂਦ ਸਨ।
ਡੀਟੀਐਫ ਵੱਲੋਂ ਬਜਟ ਨਿਰਾਸ਼ਾਜਨਕ ਕਰਾਰ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ) ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਡੀ.ਟੀ.ਐਫ਼ ਆਗੂ ਮੁਕੇਸ਼ ਗੁਜਰਾਤੀ, ਸੁਖਦੇਵ ਡਾਨਸੀਵਾਲ ਅਤੇ ਇੰਦਰ ਸੁਖਦੀਪ ਸਿੰਘ ਓਢਰਾ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਦੀਆਂ ਘਟਾਈਆਂ ਅਸਾਮੀਆਂ ਨੂੰ ਬਹਾਲ ਕਰਨ, ਸਕੂਲਾਂ ਵਿਚ 40 ਹਜ਼ਾਰ ਤੋਂ ਵੱਧ ਖਾਲੀ ਅਸਾਮੀਆਂ ਨੂੰ ਭਰਨ, ਨਵੀਂਆਂ ਅਸਾਮੀਆਂ ਨਿਰਮਿਤ ਕਰਨ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਿੱਖਿਆ ਬਜਟ ਵਿਚ 16.27 ਫ਼ੀਸਦੀ ਦਾ ਅਨੁਮਾਨਤ ਵਾਧਾ ਨਾਕਾਫ਼ੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ, ਮੁਲਾਜ਼ਮਾਂ ਦੇ ਕੱਟੇ ਭੱਤੇ ਬਹਾਲ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬਜਟ ਵਿਚ ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਦਾ ਵੀ ਕੋਈ ਜ਼ਿਕਰ ਨਹੀਂ।