ਜਲੰਧਰ: ਕੈਪਟਨ ਸਰਕਾਰ ਵੱਲੋਂ ਪਿੰਡ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ’ਤੇ ਨਜ਼ਰਾਂ ਰੱਖਣ ਲਈ ਪੰਜਾਬ ਵਿੱਚ ਸਾਬਕਾ ਫ਼ੌਜੀਆਂ ਨੂੰ ਬਤੌਰ ਜੀਓਜੀ ਲਾਇਆ ਗਿਆ ਸੀ। ਭਗਵੰਤ ਮਾਨ ਸਰਕਾਰ ਵੱਲੋਂ ਇਨ੍ਹਾਂ ਜੀਓਜੀ ਨੂੰ ਵਿਹਲੇ ਕਰ ਦੇਣ ਦੇ ਰੋਸ ਵਜੋਂ ਜਲੰਧਰ ਤੇ ਕਪੂਰਥਲਾ ਦੇ ਜੀਓਜੀ ਦੀਆਂ ਸੇਵਾਵਾਂ ਨਿਭਾਅ ਰਹੇ ਸਾਬਕਾ ਫ਼ੌਜੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ। ਧਰਨਾ ਦੇ ਰਹੇ ਸਾਬਕਾ ਫ਼ੌਜੀਆਂ ਵਿੱਚੋਂ ਸੂਬੇਦਾਰ ਅਜੀਤ ਸਿੰਘ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਸਾਬਕਾ ਫ਼ੌਜੀਆਂ ਨੂੰ ਇਸ ਕਰ ਕੇ ਜੀਓਜੀ ਲਾਇਆ ਸੀ ਤਾਂ ਜੋ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸਰਕਾਰ ਦੀ ਅੱਖ ਅਤੇ ਕੰਨ ਦਾ ਖਿਤਾਬ ਦਿੱਤਾ ਗਿਆ ਸੀ ਹੁਣ ਉਨ੍ਹਾਂ ਦੀਆਂ ਸੇਵਾਵਾਂ ਨੂੰ ਇਕਦਮ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦਾ ਕਾਰਨ ਇਹ ਦਿੱਤਾ ਗਿਆ ਕੇ ਜੀਓਜੀ ਨੇ ਸੇਵਾਵਾਂ ਨੂੰ ਜ਼ਿੰਮੇਵਾਰੀ ਨਾਲ ਨਹੀਂ ਨਿਭਾਇਆ। ਸਰਕਾਰ ਦੀ ਇਸ ਕਥਨੀ ਨੇ ਸਾਬਕਾ ਫ਼ੌਜੀ ਦੇ ਇੱਜਤ-ਮਾਣ ਨੂੰ ਠੇਸ ਪਹੁੰਚੀ ਹੈ। -ਨਿੱਜੀ ਪੱਤਰ ਪ੍ਰੇਰਕ