ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 29 ਅਗਸਤ
ਪਿੰਡਾਂ ਦੇ ਈਸਾਈਆਂ ਅਤੇ ਮੁਸਲਮਾਨਾਂ ਨੂੰ ਮੁਰਦੇ ਦਫ਼ਨਾਉਣ ਵਾਸਤੇ ਢੁਕਵੀਆਂ ਥਾਵਾਂ ਦੀ ਮੰਗ ਨੂੰ ਲੈ ਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਈਸਾਈਆਂ, ਮੁਸਲਮਾਨਾਂ, ਪੇਂਡੂ ਮਜ਼ਦੂਰਾਂ ਅਤੇ ਨੌਜਵਾਨ ਸਭਾ ਦੇ ਵਰਕਰਾਂ ਨੇ ਲੋਹੀਆਂ ਖਾਸ ਵਿੱਚ ਮੁਜ਼ਾਹਰਾ ਕੀਤਾ। ਇੱਕ ਥਾਂ ’ਤੇ ਇਕੱਠੇ ਹੋਣ ਤੋਂ ਬਾਅਦ ਮੁਜ਼ਾਹਰਾਕਾਰੀ ਕਸਬੇ ਵਿੱਚ ਦੀ ਮੁਜ਼ਾਹਰਾ ਕਰਦੇ ਹੋਏ ਬੀਡੀਪੀਓ ਦਫ਼ਤਰ ਪੁੱਜੇ। ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਸਕੱਤਰ ਜੀ ਐੱਸ ਅਟਵਾਲ, ਨੌਜਵਾਨ ਭਾਰਤ ਸਭਾ ਦੇ ਆਗੂੂ ਸੋਨੂੰ ਅਰੋੜਾ, ਗੁਰਦਿਆਲ ਸਿੰਘ ਨਿਹਾਲੂਵਾਲ, ਅਮਰਜੀਤ ਕੌਰ, ਸਿਕੰਦਰ, ਚਰਨਜੀਤ, ਸ਼ਿੰਗਾਰਾ ਜਲਾਲਪੁਰ, ਪਾਸਟਰ ਬਲਵੀਰ, ਸੁੱਚਾ ਸਿੰਘ ਪਹਾੜੀਪੁਰ, ਜਸਬੀਰ ਮਸੀਹ, ਵਿਕਰਮ ਮਡਿਆਲਾ ਅਤੇ ਅਮਰਜੀਤ ਨਾਹਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਤੋਂ ਬਾਅਦ ਵੀ ਈਸਾਈਆਂ ਅਤੇ ਮੁਸਲਮਾਨਾਂ ਨੂੰ ਮੁਰਦੇ ਦਫਨਾਉਣ ਲਈ ਦੋ ਗਜ ਜ਼ਮੀਨ ਨਸੀਬ ਨਹੀ ਹੋ ਸਕੀ। ਉਨ੍ਹਾਂ ਪਿੰਡ ਨਿਹਾਲੂਵਾਲ ਵਿੱਚ ਈਸਾਈ ਭਾਈਚਾਰੇ ਦੀ ਬਿਰਧ ਔਰਤ ਨੂੰ ਪਿੰਡ ਦੇ ਸਮਸ਼ਾਨਘਾਟ ਵਿਚ ਦਫਨਾਉਣ ਨਾਂ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਨਿਹਾਲੂਵਾਲ ਬਸਤੀ ਦਾ ਸਰਪੰਚ ਈਸਾਈਆਂ ਨੂੰ ਮੁਰਦੇ ਦਫਨਾਉਣ ਲਈ ਢੁਕਵੀ ਥਾਂ ਦਾ ਪ੍ਰਬੰਧ ਕਰਨ ਦੀ ਬਜਾਏ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੋਂ ਕਥਿਤ ਤੌਰ ’ਤੇ ਭੱਜ ਕੇ ਉਨ੍ਹਾਂ ਨੂੰ ਮੁਰਦੇ ਦਫਨਾਉਣ ਲਈ ਜ਼ਮੀਨਾਂ ਖ਼ਰੀਦਣ ਲਈ ਮਜਬੂਰ ਕਰ ਰਿਹਾ ਹੈ। ਧਰਨੇ ਦੌਰਾਨ ਉਨ੍ਹਾਂ ਬੀ.ਡੀ.ਪੀ.ਓ ਲੋਹੀਆਂ ਖਾਸ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦਿੱਤੇ ਮੰਗ ਪੱਤਰ ਵਿਚ ਮੰਗ ਕੀਤੀ ਕਿ ਗ਼ੈਰਕਾਨੂੰਨੀ ਮਤਾ ਪਾਉਣ ਵਾਲੇ ਨਿਹਾਲੂਵਾਲ ਬਸਤੀ ਦੇ ਸਰਪੰਚ ਤੇ ਪੰਚਾਇਤ ਸਕੱਤਰ ਖਿਲਾਫ਼ ਅਤੇ ਸੌ ਸਾਲਾ ਬਿਰਧ ਔਰਤ ਦੀਆਂ ਆਖਰੀ ਧਾਰਮਿਕ ਤੇ ਸਮਾਜਿਕ ਰਸਮਾਂ ਰੋਕਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।