ਪੱਤਰ ਪ੍ਰੇਰਕ
ਤਲਵਾੜਾ, 3 ਅਕਤੂਬਰ
ਪੰਚਾਇਤ ਯੂਨੀਅਨ ਬਲਾਕ ਤਲਵਾੜਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਮੰਗ ਪੱਤਰ ਸੌਂਪਿਆ। ਉਹ ਲੰਘੇ ਕੱਲ੍ਹ ਦੇਰ ਸ਼ਾਮ ਇੱਥੇ ਮਾਡਲ ਟਾਊਨ ਸਥਿਤ ਆਪਣੇ ਸਹਿਪਾਠੀ ਡਾ. ਸੁਰਿੰਦਰਪਾਲ ਮੰਡ ਦੇ ਘਰ ਉਨ੍ਹਾਂ ਦੀ ਪਤਨੀ ਗੁਰਚਰਨ ਮੰਡ ਦੀ ਪਿਛਲੇ ਮਹੀਨੇ ਹੋਈ ਮੌਤ ’ਤੇ ਅਫਸੋਸ ਪ੍ਰਗਟ ਕਰਨ ਪਹੁੰਚੇ ਸਨ। ਇਸ ਮੌਕੇ ਪੰਚਾਇਤ ਯੂਨੀਅਨ ਬਲਾਕ ਤਲਵਾੜਾ ਦੇ ਇੱਕ ਵਫ਼ਦ ਨੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਦੀ ਅਗਵਾਈ ਹੇਠ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਪੰਚਾਇਤਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਹਾਜ਼ਰ ਵਫ਼ਦ ਮੈਂਬਰਾਂ ਨੇ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਰਪੰਚਾਂ ਪੰਚਾਂ ਨੂੰ ਮਾਣ ਭੱਤਾ ਦੇਣ ਦਾ ਕੀਤਾ ਵਾਅਦਾ ਚੇਤੇ ਕਰਵਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਪੰਚਾਇਤਾਂ ਨੂੰ ਨਜ਼ਰ ਅੰਦਾਜ਼ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਪ੍ਰਦੇਸ਼ ’ਚ ਸਰਕਾਰ ਬਣਨ ’ਤੇ ਪੰਚਾਇਤ ਪ੍ਰਧਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਰਹੇ ਹਨ, ਜਦੋਂਕਿ ਪੰਜਾਬ ਵਿੱਚ ‘ਆਪ’ ਨੂੰ ਸੱਤਾ ’ਚ ਛੇ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਸਰਪੰਚਾਂ ਪੰਚਾਂ ਨੂੰ ਮਾਣ ਭੱਤਾ ਨਹੀਂ ਦਿੱਤਾ। ਪ੍ਰਧਾਨ ਨਵਲ ਕਿਸ਼ੋਰ ਮਹਿਤਾ ਨੇ ਸ਼੍ਰੀ ਧਾਲੀਵਾਲ ਨੂੰ ਕੰਢੀ ਖ਼ੇਤਰ ਦੀਆਂ ਸੱਮਸਿਆਵਾਂ ਤੋਂ ਜਾਣੂ ਕਰਵਾਇਆ, ਉਨ੍ਹਾਂ ਦੱਸਿਆ ਕਿ 106 ਪੰਚਾਇਤਾਂ ਲਈ ਬਲਾਕ ‘ਚ ਸਿਰਫ਼ ਪੰਜ ਪੰਚਾਇਤ ਸਕੱਤਰ ਅਤੇ ਇੱਕ ਜੇਈ ਕੰਮ ਕਰ ਰਿਹਾ ਹੈ, ਨੀਮ ਪਹਾੜੀ ਇਲਾਕਾ ਹੋਣ ਕਾਰਨ ਮਜ਼ਦੂਰੀ ਤਿੰਨ ਗੁਣਾ ਪੈਂਦੀ ਹੈ। ਅਮਲੇ ਦੀ ਘਾਟ ਕਾਰਨ ਪੰਚਾਇਤਾਂ ਦਾ ਰਿਕਾਰਡ ਮੁਕੰਮਲ ਹੀ ਨਹੀਂ ਹੁੰਦਾ, ਮਨਰੇਗਾ ਤਹਿਤ ਕੰਮ ਮਨਜ਼ੂਰ ਕਰਵਾਉਣ ’ਚ ਵੀ ਦਿੱਕਤਾਂ ਹੋਣ ਕਾਰਨ ਲੋਕਾਂ ਨੂੰ 100 ਦਿਨ ਦਾ ਰੁਜ਼ਗਾਰ ਨਹੀਂ ਮਿਲ ਪਾਉਂਦਾ, ਮਨਰੇਗਾ ਮਟੀਰਿਅਲ ਦੀ ਅਦਾਇਗੀ ’ਚ ਦੇਰੀ ਹੋਣ ਕਾਰਨ ਦੁਕਾਨਦਾਰ ਪੰਚਾਇਤਾਂ ਨੂੰ ਉਧਾਰ ਸਾਮਾਨ ਦੇਣ ਤੋਂ ਇਨਕਾਰੀ ਹਨ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਸਰਪੰਚਾਂ ਪੰਚਾਂ ਨੂੰ ਜ਼ਲਦ ਹੀ ਮਾਣ ਭੱਤਾ ਦੇਣ ਦੀ ਗੱਲ ਕਹੀ। ਬੀਡੀਪੀਓ ਦਫ਼ਤਰ ’ਚ ਸਟਾਫ਼ ਆਦਿ ਦੀ ਘਾਟ ਅਤੇ ਹੋਰ ਮੰਗਾਂ ਸਬੰਧੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਸੁਸ਼ਮਾ ਤੇ ਸੀਮਾ, ਸਰਪੰਚ ਪਵਨ ਕੁਮਾਰ ਚਮੂਹੀ, ਸਰਪੰਚ ਹੇਮ ਰਾਜ, ਸਰਪੰਚ ਸਤਨਾਮ ਸਿੰਘ, ਸਰਪੰਚ ਸ਼ਾਮ ਸੁੰਦਰ, ਸਰਪੰਚ ਅੰਜਨ ਕੁਮਾਰ, ਸਰਪੰਚ ਅਸ਼ਵਨੀ ਕੁਮਾਰ, ਸਰਪੰਚ ਪ੍ਰਭਾਤ ਹੈਪੀ ਆਦਿ ਹਾਜ਼ਰ ਸਨ।