ਹੁਸ਼ਿਆਰਪੁਰ: ਇਥੇ ਗੌਰਮਿੰਟ ਟੀਚਰਜ਼ ਯੂਨੀਅਨ (ਜੀ.ਟੀ.ਯੂ) ਪੰਜਾਬ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਤੁਰੰਤ ਖੋਲ੍ਹਿਆ ਜਾਵੇ ਅਤੇ ਇਹ ਬਦਲੀਆਂ ਜਥੇਬੰਦੀਆਂ ਦੇ ਸੁਝਾਵਾਂ ਮੁਤਾਬਕ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਨਵਨਿਯੁਕਤ 6635 ਅਧਿਆਪਕਾਂ ਨੂੰ ਪਿੱਤਰੀ ਜ਼ਿਲ੍ਹਿਆਂ ਵਿੱਚ ਨਿਯੁਕਤ ਕਰਨ ਲਈ ਆਪਸੀ ਬਦਲੀਆਂ ਦਾ ਮੌਕਾ ਪਹਿਲ ਦੇ ਅਧਾਰ ’ਤੇ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬਦਲੀਆਂ ਵਿੱਚ ਕਿਲੋਮੀਟਰ ਵਾਲੀ ਸ਼ਰਤ ਨੂੰ ਲਾਗੂ ਕੀਤਾ ਜਾਵੇ ਅਤੇ ਬਦਲੀਆਂ ਕਰਨ ਸਮੇਂ ਅਣਵਿਆਹੁਤਾ ਲੜਕੀਆਂ, ਵਿਧਵਾਵਾਂ, ਬਿਮਾਰੀ ਤੋਂ ਪੀੜਤ ਅਤੇ ਜਿਨ੍ਹਾਂ ਦੇ ਬੱਚੇ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹਨ, ਨੂੰ ਬਿਨਾਂ ਕਿਸੇ ਸ਼ਰਤ ਪਹਿਲ ਦੇ ਅਧਾਰ ’ਤੇ ਵਿਚਾਰਿਆ ਜਾਵੇ। -ਪੱਤਰ ਪ੍ਰੇਰਕ