ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 23 ਅਕਤੂਬਰ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਵਿੱਤ ਸਕੱਤਰ ਅਮਨਦੀਪ ਸ਼ਰਮਾ, ਪ੍ਰੈੱਸ ਸਕੱਤਰ ਸੁਰਜੀਤ ਮੁਹਾਲੀ, ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਥੇਬੰਦੀਆਂ ਦੀ ਜੱਦੋਜਹਿਦ ਮਗਰੋਂ ਅਧਿਆਪਕਾਂ ਦੀਆਂ ਆਨਲਾਇਨ ਬਦਲੀਆਂ ਦਾ ਪੋਰਟਲ ਖੋਲ੍ਹਿਆ ਗਿਆ ਪਰ ਸਟੇਸ਼ਨ ਚੁਆਇਸ ਲਈ ਪੋਰਟਲ ’ਤੇ ਸਾਰੇ ਸਟੇਸ਼ਨ ਸ਼ੋਅ ਨਹੀਂ ਕੀਤੇ ਗਏ। ਇਸ ਕਾਰਨ ਬਦਲੀਆਂ ਕਰਾਉਣ ਵਾਲੇ ਅਧਿਆਪਕਾਂ ਨੂੰ ਮਨਪਸੰਦ ਸਟੇਸ਼ਨ ਨਹੀਂ ਮਿਲ ਰਹੇ। ਆਗੂਆਂ ਨੇ ਮੰਗ ਕੀਤੀ ਕਿ ਪੋਰਟਲ ’ਤੇ ਸਾਰੇ ਖਾਲੀ ਸਟੇਸ਼ਨ ਦਰਸਾਏ ਜਾਣ। ਇਸ ਮੌਕੇ ਸੁਖਵਿੰਦਰ ਸਿੰਘ ਚਾਹਲ ਸੂਬਾਈ ਪ੍ਰਧਾਨ ਨੇ ਮੰਗ ਕੀਤੀ ਕਿ ਮਨਪਸੰਦ ਸਟੇਸ਼ਨ ’ਤੇ ਬਦਲੀ ਨਾ ਹੋਣ ’ਤੇ ਬਦਲੀ ਨੀਤੀ ਵਿਚ ਦਰਜ ਨਿਯਮਾਂ ਅਨੁਸਾਰ ਅਧਿਆਪਕਾਂ ਨੂੰ ਬਦਲੀ ਰੱਦ ਕਰਾਉਣ ਦਾ ਅਧਿਕਾਰ ਦਿੱਤਾ ਜਾਵੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਤੀਰਥ ਸਿੰਘ ਬਾਸੀ, ਗੁਰਿੰਦਰ ਸਿੰਘ ਆਦਮਪੁਰ, ਹਲ ਭਗਤ, ਰਾਜੀਵ ਭਗਤ, ਕੁਲਵੰਤ ਰਾਮ ਰੁੜਕਾ, ਅਮਰਜੀਤ ਭਗਤ ਆਦਿ ਅਧਿਆਪਕ ਆਗੂ ਹਾਜ਼ਰ ਸਨ।