ਨਵਾਂਸ਼ਹਿਰ: ਨਿਊ ਆਟੋ ਵਰਕਰਜ਼ ਯੂਨੀਅਨ ਨੇ ਅੱਜ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ ਪੱਤਰ ਦੇ ਕੇ ਨਵੇਂ ਕੋਰਟ ਕੰਪਲੈਕਸ ਵਿੱਚ ਆਟੋ ਰਿਕਸ਼ਾ ਸਟੈਂਡ ਬਣਾਉਣ ਦੀ ਮੰਗ ਕੀਤੀ ਹੈ। ਨਿਊ ਆਟੋ ਵਰਕਰਜ਼ ਯੂਨੀਅਨ (ਇਫਟੂ) ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਬਛੌੜੀ, ਮੀਤ ਪ੍ਰਧਾਨ ਬਿੱਲਾ ਗੁੱਜਰ, ਖਜ਼ਾਨਚੀ ਤਰਨਜੀਤ, ਸੀਤਲ ਸਿੰਘ, ਕਨਵਰਜੀਤ ਸਿੰਘ, ਅਨਿਲ ਕੁਮਾਰ, ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਨਵਾਂ ਕੋਰਟ ਕੰਪਲੈਕਸ ਚਾਲੂ ਹੋ ਜਾਵੇਗਾ, ਜਿਸ ਕਾਰਨ ਬੱਸ ਅੱਡਾ ਨਵਾਂਸ਼ਹਿਰ ਤੋਂ ਆਟੋ ਨਵੀਆਂ ਕਚਹਿਰੀਆਂ ਤੱਕ ਕਾਫੀ ਸਵਾਰੀਆਂ ਲੈਕੇ ਜਾਣਗੇ। ਪਹਿਲਾਂ ਵੀ ਇਸ ਕੰਪਲੈਕਸ ਦੇ ਕੋਲ ਨਵਾਂਸ਼ਹਿਰ ਦਾ ਸਿਵਲ ਹਸਪਤਾਲ ਹੈ, ਜਿੱਥੇ ਤੱਕ ਆਟੋ ਸਵਾਰੀਆਂ ਲੈਕੇ ਜਾਂਦੇ ਹਨ। ਜੇਕਰ ਇੱਥੇ ਆਟੋ ਸਟੈਂਡ ਨਹੀਂ ਬਣਦਾ ਤਾਂ ਆਟੋ ਸੜਕ ਵਿਚ ਖੜ੍ਹੇ ਕਰਨੇ ਪੈਣਗੇ, ਜਿਸ ਨਾਲ ਵੱਡੀ ਪੱਧਰ ਉੱਤੇ ਟਰੈਫਿਕ ਦੀ ਸਮੱਸਿਆ ਖੜੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਆਟੋ ਸਟੈਂਡ ਬਣਦਾ ਹੈ ਤਾਂ ਇਹ ਆਟੋ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਸਹੂਲਤ ਯੋਗ ਹੋਵੇਗਾ। -ਪੱਤਰ ਪ੍ਰੇਰਕ