ਪੱਤਰ ਪ੍ਰੇਰਕ
ਦਸੂਹਾ, 13 ਅਕਤੂਬਰ
ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪਿੱਦੀ ਗਰੁੱਪ) ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਕੌਮੀ ਮਾਰਗ ਦੇ ਹਾਜ਼ੀਪੁਰ ਚੌਕ ’ਚ 14 ਅਕਤੂਬਰ ਨੂੰ ਦਿੱਤੇ ਜਾਣ ਵਾਲੇ ਧਰਨੇ ਖਿਲਾਫ਼ ਵਪਾਰ ਮੰਡਲ ਦਸੂਹਾ ਵੱਲੋਂ ਡੀਐੱਸਪੀ ਬਲਬੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਦੀ ਅਗਵਾਈ ਹੇਠ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ’ਚ ਹੋਰ ਕਾਰੋਬਾਰੀ ਮੌਜੂਦ ਸਨ। ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਕਿਸਾਨਾਂ ਵੱਲੋਂ ਕੁਝ ਮਹੀਨੇ ਪਹਿਲਾਂ ਵੀ ਇੱਥੇ 4-5 ਦਿਨਾਂ ਤੱਕ ਨੈਸ਼ਨਲ ਹਾਈਵੇਅ ਜਾਮ ਕਰ ਕੇ ਧਰਨਾ ਦਿੱਤਾ ਗਿਆ ਸੀ ਜਿਸ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਸੀ ਜਦਕਿ ਵਪਾਰੀ ਪਹਿਲਾ ਹੀ ਮੰਦੀ ਦੇ ਦੌਰ ’ਚੋਂ ਗੁਜ਼ਰ ਰਹੇ ਹਨ। ਵਪਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਵੱਲੋਂ ਜਬਰੀ ਧਰਨਾ ਲਗਾਇਆ ਜਾਂਦਾ ਹੈ ਤਾਂ ਇਲਾਕੇ ਦਾ ਸਮੂਹ ਵਪਾਰੀ ਵਰਗ ਵਪਾਰ ਮੰਡਲ ਦਸੂਹਾ ਦੇ ਝੰਡੇ ਹੇਠ ਇਸ ਦਾ ਪੁਰਜ਼ੋਰ ਵਿਰੋਧ ਕਰੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਨਿਰਮਲ ਸਿੰਘ ਤਲਵਾੜ, ਰਾਜੂ ਠੁਕਰਾਲ, ਰਾਕੇਸ਼ ਮਹਾਜਨ, ਕੈਲਾਸ਼ ਡੋਗਰਾ, ਤਰਸੇਮ ਸਿੰਘ ਖਾਲਸਾ, ਤਰਲੋਕ ਸਿੰਘ ਅਰੋੜਾ, ਟੀਪੂ ਠੁਕਰਾਲ, ਅਰਵਿੰਦਰ ਕਾਲਾ, ਦਵਿੰਦਰ ਰੋਜ਼ੀ ਆਦਿ ਵਪਾਰੀ ਮੌਜੂਦ ਸਨ।