ਪੱਤਰ ਪ੍ਰੇਰਕ
ਬਲਾਚੌਰ, 8 ਨਵੰਬਰ
‘ਨਰੋਆ ਪੰਜਾਬ’ ਸੰਸਥਾ ਦੇ ਸੰਚਾਲਕ ਬਰਜਿੰਦਰ ਸਿੰਘ ਹੁਸੈਨਪੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਗਪਗ ਡੇਢ ਦਹਾਕਾ ਪਹਿਲਾਂ ਜਦੋਂ ਸਤਲੁਜ ਦਰਿਆ ’ਤੇ ਰਾਹੋਂ-ਮਾਛੀਵਾੜਾ ਪੁਲ ਬਣਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਖਿੱਤਿਆਂ ਦੁਆਬਾ ਅਤੇ ਮਾਲਵਾ ਨੂੰ ਜੋੜਨ ਵਾਲੇੇ ਅਤੇ ਸ਼੍ਰੀਨਗਰ-ਦਿੱਲੀ ਵਿਚਕਾਰ ਕੜੀ ਦਾ ਕੰਮ ਕਰਨ ਵਾਲੇ ਸਿਰਫ਼ 10-15 ਸਾਲ ਪਹਿਲਾਂ ਬਣੇ ਇਸ ਪੁਲ ਦੀ ਸਲੈਬ ਦੋ ਵਾਰ ਟੁੱਟ ਅਤੇ ਧੱਸ ਚੁੱਕੀ ਹੈ, ਦੋਵੇਂ ਵਾਰ ਟ੍ਰੈਫਿਕ ਬੰਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਲੈਬ ਵਾਰ-ਵਾਰ ਧਸਣ ਜਾਂ ਟੁੱਟਣ ਕਾਰਨ ਇਲਾਕੇ ਦੇ ਲੋਕਾਂ ਵਲੋਂ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ। ਸ੍ਰੀ ਹੁਸੈਨਪੁਰ ਨੇ ਕਿਹਾ ਕਿ ‘ਨਰੋਆ ਪੰਜਾਬ’ ਸੰਸਥਾ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਤਲੁਜ ਦਰਿਆ ‘ਤੇ ਬਣੇ ਇਸ ਪੁਲ ਦੀ ਗੰਭੀਰ ਸਮੱਸਿਆ ਦੇ ਪੱਕੇ ਹੱਲ ਲਈ ਯਤਨ ਕੀਤੇ ਜਾਣ। ਸਮੱਗਰੀ ਦੀ ਜਾਂਚ ਕਰ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।