ਪੱਤਰ ਪ੍ਰੇਰਕ
ਬੰਗਾ, 19 ਅਪਰੈਲ
ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਨਰਸਿੰਗ ਕਾਲਜ ਵਿੱਚ ਬੀ.ਐੱਸਸੀ ਨਰਸਿੰਗ ਦੇ 45 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਹ ਰਸਮ ਮੁੱਖ ਮਹਿਮਾਨ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਦੇ ਰਜਿਸਟਰਾਰ ਡਾ. ਪੁਨੀਤ ਗਿਰਧਰ ਨੇ ਨਿਭਾਈ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਾਲਜ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਗਮ ਦੌਰਾਨ ਸ. ਬੁੱਧ ਸਿੰਘ ਢਾਹਾਂ ਦੀ ਯਾਦ ’ਚ ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ ਮਨਦੀਪ ਕੌਰ ਵਾਸੀ ਲਾਦੀਆਂ ਨੂੰ 50 ਹਜ਼ਾਰ ਅਤੇ ਤਮੰਨਾ ਬੰਗੜ ਵਾਸੀ ਬਹਿਰਾਮ ਨੂੰ 40 ਹਜ਼ਾਰ ਦੀ ਨਗਦੀ ਪ੍ਰਦਾਨ ਕੀਤੀ ਗਈ। ਇਹ ਰਾਸੀ ਉਨ੍ਹਾਂ ਦੀਆਂ ਧੀਆਂ ਮਨਜੀਤ ਕੌਰ ਥਾਂਦੀ ਅਤੇ ਕੁਲਜਿੰਦਰ ਕੌਰ ਸ਼ੋਕਰ ਨੇ ਸਾਂਝੇ ਰੂਪ ਵਿੱਚ ਪ੍ਰਦਾਨ ਕੀਤੀ। ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਕੈਨੇਡਾ ਨੇ ਉਕਤ ਕਾਲਜ ਤੋਂ ਹੁਣ ਤੱਕ ਪਾਸ ਹੋਏ 2500 ਨਰਸਿੰਗ ਗ੍ਰੈਜੂਏਟ ਦਾ ਵਰਣਨ ਕੀਤਾ ਅਤੇ ਇਸ ਕਾਲਜ ਨੂੰ ਪੇਂਡੂ ਖਿੱਤੇ ਵਿੱਚ ਕੁੜੀਆਂ ਨੂੰ ਕਿੱਤਾਮੁਖੀ ਬਣਾਉਣ ਵਜੋਂ ਸਹਿਯੋਗ ਕਰਨ ਵਾਲਾ ਅਦਾਰਾ ਦੱਸਿਆ।
ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਕਾਲਜ ਦੀਆਂ ਬਹੁਪੱਖੀ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਨਰਸਿੰਗ ਵਿਦਿਆਰਥਾਂ ਵੱਲੋਂ ਗਿੱਧਾ ਭੰਗੜਾ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਐੱਸਐੱਮਓ ਡਾ. ਸਤਵਿੰਦਰਪਾਲ ਸਿੰਘ, ਟਰੱਸਟ ਦੇ ਸਕੱਤਰ ਅਮਰਜੀਤ ਸਿੰਘ ਕਲੇਰਾਂ, ਖਜ਼ਾਨਚੀ ਬੀਬੀ ਬਲਵਿੰਦਰ ਕੌਰ ਕਲਸੀ, ਬੀਬੀ ਸੰਤੋਸ਼ ਕੌਰ ਮਾਨ ਯੂਕੇ, ਮਹਿੰਦਰਪਾਲ ਦਫ਼ਤਰ ਨਿਗਰਾਨ ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਮੈਡਮ ਨਵਜੋਤ ਕੌਰ ਸਹੋਤਾ ਵੀ ਸ਼ਾਮਲ ਸਨ। ਇਸ ਮੌਕੇ ਨਰਸਿੰਗ ਦੇ ਕਿੱਤੇ ਦੀਆਂ ਸਮਰਪਿਤ ਸੇਵਾਵਾਂ ਸਬੰਧੀ ਤਿਆਰ ਕੀਤੀ ਫ਼ਿਲਮ ‘ਉਪਕਾਰ’ ਵੀ ਦਿਖਾਈ ਗਈ।