ਦੀਪਕ ਠਾਕੁਰ
ਤਲਵਾੜਾ, 20 ਅਪਰੈਲ
ਬਲਾਕ ਦੇ ਪੈਂਦੇ ਭੋਲ ਬਦਮਾਣੀਆਂ, ਸੁਖਚੈਨਪੁਰ, ਧਰਮਪੁਰ, ਅਲੇਰਾ, ਝਰੇੜਾ ਆਦਿ ਨੀਮ ਪਹਾੜੀ ਪਿੰਡਾਂ ’ਚ ਮਨਾਹੀ ਦੇ ਬਾਵਜੂਦ ਚੀਲ ਦੇ ਦਰਖਤਾਂ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਲੱਕੜ ਮਾਫੀਆ ਨੇ ਸੈਂਕੜੇ ਚੀਲ ਦੇ ਦਰਖਤ ਵੱਢ ਦਿੱਤੇ ਹਨ। ਨਾਜਾਇਜ਼ ਕਟਾਈ ਕਾਰਨ ਜੰਗਲ ਖਾਲੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੀਲ ਦੇ ਹਰੇ ਦਰਖ਼ਤ ਦੀ ਕਟਾਈ ਲਈ ਜੰਗਲਾਤ ਵੱਲੋਂ ਵਿਸ਼ੇਸ਼ ਹਾਲਾਤ ’ਚ ਹੀ ਪਰਮਿਟ ਜਾਰੀ ਕੀਤੇ ਜਾਂਦੇ ਹਨ ਪਰ ਲੱਕੜ ਮਾਫੀਆ ਨੇ ਸੈਂਕੜੇ ਦੀ ਤਦਾਦ ’ਚ ਚੀਲ ਦੇ ਹਰੇ ਦਰਖ਼ਤ ਵੱਢ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬਲਾਕ ਦੇ ਨੀਮ ਪਹਾੜੀ ਇਨ੍ਹਾਂ ਪਿੰਡਾਂ ’ਚ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ (ਪੀਐਲਪੀਏ) ਦੀ ਦਫ਼ਾ 4 ਅਤੇ 5 ਲਾਗੂ ਹੈ। ਇਸ ਅਧੀਨ ਆਉਂਦੇ ਰਕਬੇ ’ਚ ਦਰਖਤਾਂ ਦੀ ਕਟਾਈ ਵਿਸ਼ੇਸ਼ ਹਾਲਾਤ ’ਚ ਹੀ ਕੀਤੀ ਜਾਂਦੀ ਹੈ। ਡੀਐਫਓ ਦੇ ਪਰਮਿਟ ਤਹਿਤ ਕੱਟੇ ਦਰੱਖਤਾਂ ’ਤੇ ਮਹਿਕਮੇ ਵੱਲੋਂ ਨੰਬਰ ਲਾਏ ਜਾਂਦੇ ਹਨ। ਪ੍ਰਭਾਵਿਤ ਖ਼ੇਤਰ ਦਾ ਦੌਰ੍ਹਾ ਕਰਨ ਪੁੱਜੇ ਮੀਡੀਆ ਕਰਮੀਆਂ ਨਾਲ ਲੱਕੜ ਮਾਫੀਆ ਨੇ ਬਦਸਲੂਕੀ ਕੀਤੀ। ਉਨ੍ਹਾਂ ਜੰਗਲਾਤ ਮਹਿਕਮੇ ਵੱਲੋਂ ਚੀਲ ਦੇ ਦਰੱਖਤਾਂ ਦੀ ਕਟਾਈ ਦਾ ਪਰਮਿਟ ਜਾਰੀ ਕਰਨ ਦਾ ਦਾਅਵਾ ਵੀ ਕੀਤਾ। ਹਾਲਾਂਕਿ ਉਹ ਮੀਡੀਆ ਕਰਮੀਆਂ ਨੂੰ ਪਰਮਿਟ ਦਿਖਾਉਣ ’ਚ ਨਾਕਾਮ ਰਹੇ। ਕੁੱਝ ਮੁੱਢਾਂ ’ਤੇ ਹਰੇ ਰੰਗ ਨਾਲ ਲਿਖੇ ਨੰਬਰ ਵੀ ਮਿਲੇ।
ਕਟਾਈ ਸਬੰਧੀ ਜਾਂਚ ਕੀਤੀ ਜਾਵੇਗੀ: ਡੀਐਫਓ
ਡੀਐਫ਼ਓ ਦਸੂਹਾ ਅਟਲ ਮਹਾਜਨ ਨੇ ਦੱਸਿਆ ਕਿ ਚੀਲ ਦੇ ਹਰੇ ਦਰੱਖਤਾਂ ਦੀ ਕਟਾਈ ’ਤੇ ਵਿਸ਼ੇਸ਼ ਹਾਲਾਤ ਨੂੰ ਛੱਡ ਕੇ ਮੁਕੰਮਲ ਰੋਕ ਹੈ। ਪਿੰਡ ਭੋਲ ਬਦਮਾਣੀਆਂ, ਸੁਖਚੈਨਪੁਰ, ਧਰਮਪੁਰ, ਅਲੇਰਾ, ਝਰੇੜਾ ਆਦਿ ’ਚ ਚੀਲ ਦੇ ਦਰੱਖਤਾਂ ਦੀ ਕਟਾਈ ਸਬੰਧੀ ਉਨ੍ਹਾਂ ਜਾਂਚ ਕਰਨ ਉਪਰੰਤ ਹੀ ਟਿੱਪਣੀ ਕਰਨ ਦੀ ਗੱਲ ਕਹੀ।