ਪੱਤਰ ਪ੍ਰੇਰਕ
ਭੋਗਪੁਰ, 19 ਮਾਰਚ
ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਦੇ ਨਵੇਂ ਚੁਣੇ ਹੋਏ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਇਸ ਵਾਰ ਹਲਕੇ ਦੇ ਲੋਕਾਂ ਨੂੰ ਸਥਾਨਕ ਵਿਧਾਇਕ ਮਿਲਿਆ ਹੈ, ਨਹੀਂ ਤਾਂ ਇਥੋਂ ਬਾਹਰਲੇ ਆਗੂ ਵਿਧਾਇਕ ਬਣ ਕੇ ਲੁੱਟਦੇ ਰਹੇ ਹਨ, ਜਿਸ ਕਰਕੇ ਇਹ ਹਲਕਾ ਸਰਬਪੱਖੀ ਵਿਕਾਸ ’ਚ ਪੱਛੜ ਗਿਆ। ਅੱਜ ਇਥੇ ਮਾਰਕਿਟ ਕਮੇਟੀ ਦੇ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੋਟਲੀ ਨੇ ਕਿਹਾ ਕਿ ਪੰਜਾਬ ਕਾਂਗਰਸ ਕਮੇਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਦਾ ਮੰਥਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੁੱਖ ਤੌਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਸੀਨੀਅਰ ਕਾਂਗਰਸੀ ਆਗੂਆਂ ’ਚ ਆਪਸੀ ਤਾਲਮੇਲ ਦੀ ਘਾਟ ਰਹੀ ਹੈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਸੈਣੀ, ਚੇਅਰਮੈਨ ਸਰਵਜੀਤ ਸਿੰਘ ਭਟਨੂਰਾ, ਪਰਮਿੰਦਰ ਸਿੰਘ ਮੱਲ੍ਹੀ, ਜਸਵੀਰ ਸਿੰਘ ਸੈਣੀ ਅਤੇ ਜਤਿੰਦਰ ਸਿੰਘ ਸਰਪੰਚ ਨੇ ਇਲਾਕੇ ਦੀਆਂ ਦਰਪੇਸ਼ ਸਮੱਸਿਆਵਾਂ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਜਾਣੂ ਕਰਵਾਇਆ।