ਪਾਲ ਸਿੰਘ ਨੌਲੀ
ਜਲੰਧਰ, 8 ਸਤੰਬਰ
ਕਰੋਨਾਵਾਇਰਸ ਮਹਾਂਮਾਰੀ ਦੀ ਆੜ ਵਿੱਚ ਮਨੁੱਖੀ ਅੰਗਾਂ ਦੀ ਤਸਕਰੀ ਅਤੇ ਮੁਨਾਫ਼ਾਖੋਰੀ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਿਹਤ ਮੰਤਰੀ ਨੇ ਅੱਜ 16 ਕਰੋੜ ਰੁਪਏ ਦੀ ਲਾਗਤ ਨਾਲ ਦਾਦਾ ਕਲੋਨੀ, ਬਸਤੀ ਗੁਜਾਂ ਅਤੇ ਖੁਰਲਾ ਕਿੰਗਰਾ ਵਿਚ ਤਿਆਰ ਕੀਤੇ ਗਏ ਤਿੰਨ ਨਵੇਂ ਕਮਿਊਨਿਟੀ ਸੈਂਟਰ ਕੋਵਿਡ-19 ਦੇ ਲੈਵਲ-2 ਦੇ ਮਰੀਜ਼ਾਂ ਦੇ ਇਲਾਜ ਲਈ ਸਮਰਪਿਤ ਕੀਤੇ।
ਇਨ੍ਹਾਂ ਤਿੰਨਾਂ ਕਮਿਊਨਿਟੀ ਸੈਂਟਰਾਂ ਵਿੱਚ 80 ਬੈੱਡ ਹਨ ਜਿਨ੍ਹਾਂ ਵਿੱਚ 30 ਬੈੱਡ ਦਾਦਾ ਕਲੋਨੀ, 30 ਬੈੱਡ ਬਸਤੀ ਗੁਜਾਂ ਅਤੇ 20 ਬੈੱਡ ਖੁਰਲਾ ਕਿੰਗਰਾ ਕਮਿਊਨਿਟੀ ਸੈਂਟਰ ਵਿਚ ਉਪਲੱਬਧ ਹਨ ਜੋ ਕਿ ਸਾਰੇ ਪਾਈਪ ਰਾਹੀਂ ਆਕਸੀਜਨ ਸਪਲਾਈ ਦੀ ਸਹੂਲਤ ਨਾਲ ਪੂਰੀ ਤਰ੍ਹਾਂ ਲੈਸ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਰਾਜਿੰਦਰ ਬੇਰੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਅਤੇ ਹਰਦੇਵ ਸਿੰਘ ਲਾਡੀ ਸ਼ੋਰੋਵਾਲੀਆ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਮੇਅਰ ਜਗਦੀਸ਼ ਰਾਜ ਰਾਜਾ ਅਤੇ ਹੋਰ ਵੀ ਸ਼ਾਮਿਲ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨ ਨਵੇਂ ਕਮਿਊਨਿਟੀ ਸਿਹਤ ਕੇਂਦਰਾਂ ਦੇ ਸ਼ੁਰੂ ਹੋ ਜਾਣ ਨਾਲ ਕੋਵਿਡ-19 ਦੇ ਲੈਵਲ-2 ਦੇ ਮਰੀਜ਼ਾਂ ਲਈ ਬੈੱਡਾਂ ਗਿਣਤੀ ਵਧ ਕੇ 364 ਹੋ ਗਈ ਹੈ। ਇਨ੍ਹਾਂ ਤਿੰਨਾਂ ਕਮਿਊਨਟੀ ਸਿਹਤ ਕੇਂਦਰਾਂ ਵਿੱਚ ਮੌਜੂਦ 80 ਬੈੱਡਾਂ ਨੂੰ ਪਾਈਪ ਰਾਹੀਂ ਆਕਸੀਜਨ ਸਪਲਾਈ ਨਾਲ ਲੈਸ ਕੀਤਾ ਗਿਆ ਹੈ ਜੋ ਕਿ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਮੁਢਲੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿੱਚ ਇਕਾਂਤਵਾਸ ਹੋਏ ਲੋਕਾਂ ਨੂੰ 50,000 ਮੁਫ਼ਤ ਕੋਵਿਡ ਕੇਅਰ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਕਿੱਟਾਂ ਵਿੱਚ ਔਕਸੀਮੀਟਰ, ਡਿਜੀਟਲ ਥਰਮੋਮੀਟਰ, ਫੇਸ ਮਾਸਕ ਅਤੇ ਜ਼ਰੂਰੀ ਦਵਾਈਆਂ ਮੌਜੂਦ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਹੂਲਤਾਂ ਜਿਵੇਂ ਕਿ ਆਪਰੇਸ਼ਨ ਥੀਏਟਰ, ਐਮਰਜੈਂਸੀ ਵਾਰਡ, ਡਿਸਪੈਂਸਰੀ, ਫੀਮੇਲ ਅਤੇ ਮੇਲ ਵਾਰਡ, ਐਲੀਵੇਟਰ ਅਤੇ ਹੋਰ ਮੁਹੱਈਆ ਕਰਵਾਈਆਂ ਗਈਆਂ ਹਨ।