ਜਸਬੀਰ ਸਿੰਘ ਚਾਨਾ
ਫਗਵਾੜਾ, 26 ਫਰਵਰੀ
ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਸ਼ੋਭਾ ਯਾਤਰਾ ਅੱਜ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕਹਕੀਮ ਤੋਂ ਸ਼ੁਰੂ ਹੋਈ। ਇਸ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਅਣਸੂਚਿਤ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਜਰਨੈਲ ਨੰਗਲ ਸ਼ਾਮਲ ਸਨ।
ਬਲਾਚੌਰ (ਸੁਭਾਸ਼ ਜੋਸ਼ੀ) : ਨਗਰ ਕੌਸਲ ਬਲਾਚੌਰ ਵਿੱਚ ਪੈਂਦੇ ਪਿੰਡ ਮਹਿੰਦੀਪੁਰ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਸ ਮੌਕੇ ਕਈ ਥਾਈਂ ਲੰਗਰ ਲਾਏ ਗਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਦਿਲਬਾਗ ਰਾਏ, ਤਾਰਾ ਚੰਦ ਖਜ਼ਾਨਚੀ ਹਾਜ਼ਰ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਭਗਤ ਰਵੀਦਾਸ ਦੇ 644ਵੇਂ ਪਾਵਨ ਅਵਤਾਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ ਸ਼ਹਿਰ ਦੇ ਮੁਹੱਲਾ ਗੋਕਲਪੁਰ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ| ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਨੇ ਜੌਹਰ ਦਿਖਾਏ| ਸ਼ਰਧਾਲੂਆਂ ਨੇ ਨਗਰ ਕੀਰਤਨ ਦੇ ਸਵਾਗਤ ਲਈ ਲੰਗਰ ਆਦਿ ਦੇ ਬੰਦੋਬਸਤ ਕੀਤੇ ਹੋਏ ਸਨ|
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਗੁਰੂ ਤੇਗ ਬਹਾਦਰ ਕਾਲਜ ਸਨੌਰਾ ਦੀ ਪ੍ਰਬੰਧਕ ਕਮੇਟੀ, ਸਟਾਫ ਤੇ ਵਿਦਿਆਰਥੀਆਂ ਨੇ ਡਾਇਰੈਕਟਰ ਸੁਖਜਿੰਦਰ ਸਿੰਘ ਦੀ ਰਹਿਨਮਾਈ ’ਚ ਗੁਰੂ ਰਵਿਦਾਸ ਦਾ ਪ੍ਰਕਾਸ਼ ਉਤਸਵ ਸ਼ਰਧਾ ਨਾਲ ਮਨਾਇਆ। ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਰਵਿਦਾਸ ਦੇ ਜੀਵਨ ਸਬੰਧੀ ਸਾਖੀਆਂ ਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਡਾਇਰੈਕਟਰ ਸੁਖਜਿੰਦਰ ਸਿੰਘ, ਡਾ. ਸੀਨੂੰ ਨਾਇਰ, ਪ੍ਰੋ. ਪਲਵਿੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਕਾਲਜ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ ਫੁੱਲ ਬੂਟੇ ਲਗਾਏ ਗਏ।
ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਭਲਾਈ ਟਰੱਸਟ ਵਲੋਂ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ 28 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਜਨਰਲ ਸਕੱਤਰ ਪਾਲ ਸਿੰਘ ਅਤੇ ਪ੍ਰਧਾਨ ਹਰਦਿਆਲ ਸਿੰਘ ਨੇ ਦੱਸਿਆ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਖੰਡ ਪਾਠ ਅਰੰਭ ਕਰਾਇਆ ਗਿਆ ਹੈ। 28 ਫਰਵਰੀ ਨੂੰ ਸਵੇਰੇ ਭੋਗ ਪੈਣਗੇ। ਭੋਗ ਮਗਰੋਂ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨਗਰ ਕੀਰਤਨ ਨੂੰ ਰਵਾਨਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਸੰਪੰਨ ਹੋਵੇਗਾ।