ਪੱਤਰ ਪ੍ਰੇਰਕ
ਮੁਕੇਰੀਆਂ, 7 ਸਤੰਬਰ
ਕੁੱਲ ਹਿੰਦ ਕਿਸਾਨ ਸਭਾ ਨੇ ਗੰਨਾ ਕਾਸ਼ਤਕਾਰਾਂ ਦੇ ਬਕਾਏ ਅਤੇ ਕਿਸਾਨੀ ਮੰਗਾਂ ਲਈ ਜਲਦ ਹੀ ਤਿੱਖਾ ਸੰਘਰਸ਼ ਛੇੜਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫ਼ੈਸਲਾ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਆਸ਼ਾ ਨੰਦ ਦੀ ਅਗਵਾਈ ਹੇਠ ਸਭਾ ਦੀ ਨੰਗਲ ਅਵਾਣਾ ਵਿੱਚ ਇਕਾਈ ਦੇ ਗਠਨ ਮੌਕੇ ਕੀਤਾ ਗਿਆ। ਇਸ ਦੌਰਾਨ ਪ੍ਰੀਕਸ਼ਿਤ ਸਿੰਘ ਨੂੰ ਇਕਾਈ ਦਾ ਪ੍ਰਧਾਨ, ਵਿਸ਼ਵ ਰਾਜ ਨੂੰ ਮੀਤ ਪ੍ਰਧਾਨ, ਜੋਗਾ ਸਿੰਘ ਨੂੰ ਸਕੱਤਰ, ਸੁਨੀਲ ਕੁਮਾਰ ਨੂੰ ਜੁਆਇੰਟ ਸਕੱਤਰ ਅਤੇ ਮੁਨੀਸ਼ ਕੁਮਾਰ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਮੌਕੇ ਆਸ਼ਾ ਨੰਦ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਸਮੇਂ ਸਿਰ ਅਦਾਇਗੀ ਦੇ ਮਾਮਲੇ ਵਿੱਚ ਸੂਬੇ ਦੀਆਂ ਸਰਕਾਰਾਂ ਅਤੇ ਗੰਨਾ ਕਮਿਸ਼ਨ ਨੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਰਾਹੀਂ ਬੇਸ਼ਕ ਖੇਤੀ ਕਾਨੂੰਨ ਤਾਂ ਰੱਦ ਕਰਵਾ ਲਏ ਗਏ ਹਨ, ਪਰ ਮੋਦੀ ਸਰਕਾਰ ਨੇ ਹਾਲੇ ਤੱਕ ਆਪਣੀ ਕਾਰਪੋਰੇਟ ਪੱਖੀ ਪਹੁੰਚ ਨੂੰ ਨਹੀਂ ਬਦਲਿਆ। ਉਨ੍ਹਾਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਪਿੰਡ-ਪਿੰਡ ਜਾ ਕੇ ਕਿਸਾਨ ਸਭਾ ਦੀ ਇਕਾਈਆਂ ਗਠਿਤ ਕਰਨ ਅਤੇ ਕਿਸਾਨਾਂ ਨੂੰ ਸੰਘਰਸ਼ ਲਈ ਲਾਮਬੰਦ ਕਰਨ ਦਾ ਸੱਦਾ ਦਿੱਤਾ।