ਹਰਪ੍ਰੀਤ ਕੌਰ
ਹੁਸ਼ਿਆਰਪੁਰ, 4 ਫ਼ਰਵਰੀ
ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ ਅਤੇ ਅੱਜ 85ਵੇਂ ਦਿਨ ਵਿਚ ਪੁੱਜ ਗਿਆ ਹੈ। ਅੱਜ ਧਰਨਾਕਾਰੀਆਂ ਨੇ ਡੀਸੀ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਅਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਿਸ ਲਵੇ ਅਤੇ ਕਿਸਾਨੀ ਸੰਘਰਸ਼ ਨੂੰ ਦਬਾਉਣ ਲਈ ਗਲਤ ਹਥਕੰਡੇ ਅਪਨਾਉਣੇ ਬੰਦ ਕਰੇ। ਧਰਨੇ ਵਿਚ ਹੋਰਨਾਂ ਤੋਂ ਇਲਾਵਾ ਗੁਰਮੇਸ਼ ਸਿੰਘਸ ਮਾਸਟਰ ਹਰਕੰਵਲ ਸਿੰਘ, ਕਮਲਜੀਤ ਸਿੰਘ, ਮਲਕੀਤ ਸਿੰਘ, ਗੰਗਾ ਪ੍ਰਸਾਦ, ਗੁਰਮੀਤ ਸਿਘਸ਼ ਬਿਮਲਾ ਦੇਵੀ, ਮਨਜੀਤ ਸਿੰਘ, ਪਰਸਨ ਸਿੰਘ, ਡਾ. ਸੁਖਦੇਵ ਸਿੰਘ, ਭੁਪਿੰਦਰ ਸਿੰਘ, ਰਾਮ ਲੁਭਾਇਆ ਆਦਿ ਸ਼ਾਮਿਲ ਸਨ।
ਪਠਾਨਕੋਟ (ਐੱਨਪੀ ਧਵਨ): ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੇ ਪੈਂਦੇ ਲਦਪਾਲਵਾਂ ਟੌਲ ਪਲਾਜ਼ਾ ਉਪਰ ਸੰਯੁਕਤ ਕਿਸਾਨ ਮੋਰਚੇ ਵਲੋਂ ਗੁਰਦਿਆਲ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਭੋਲਾ ਸਿੰਘ ਫੂਲਪੁਰ, ਮਾਸਟਰ ਮੋਹਨ ਸਿੰਘ, ਮਾਸਟਰ ਗੁਰਦੀਪ ਸਿੰਘ, ਬਾਵਾ ਸਿੰਘ, ਮੱਖਣ ਸਿੰਘ, ਅਮਨਦੀਪ ਸਿੰਘ, ਪਰਮਜੀਤ ਪੰਮਾ ਆਦਿ ਸ਼ਾਮਲ ਸਨ।ਇਸ ਮੌਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕਿ 6 ਫਰਵਰੀ ਨੂੰ ਪਠਾਨਕੋਟ ਜ਼ਿਲ੍ਹੇ ਵਿੱਚ ਦੁਪਹਿਰੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਰੱਖਿਆ ਜਾਵੇਗਾ।
ਹਰ ਪਰਿਵਾਰ ਦਾ ਇਕ ਜੀਅ ਸੱਤ ਦਿਨ ਦਿੱਲੀ ਡਟੇਗਾ
ਬਟਾਲਾ (ਦਲਬੀਰ ਸੱਖੋਵਾਲੀਆ): ਇਕੇ ਪੁਰਾਣਾ ਪਿੰਡ ’ਚ ਸਰਪੰਚ ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਆਮ ਇਜਲਾਸ ਹੋਇਆ, ਜਿਸ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਪਿੰਡ ਦੇ ਹਰ ਘਰ ਵਿੱਚ ਇੱਕ ਜੀਅ ਦਿੱਲੀ ਕਿਸਾਨ ਅੰਦੋਲਨ ਲਈ 7 ਦਿਨ ਹਾਜ਼ਰੀ ਭਰੇਗਾ। ਪਰ ਜੋ ਪਰਿਵਾਰ ਮਜਬੂਰੀ ਵੱਸ ਨਹੀਂ ਜਾ ਸਕਦਾ, ਉਹ ਤਿੰਨ ਸੌ ਰੁਪਏ ਕਮੇਟੀ ਨੂੰ ਦੇਵੇਗਾ । ਇਸ ਮੌਕੇ ’ਤੇ ਪਿੰਡ ਵਿੱਚ ਕਿਸਾਨ ਮਜ਼ਦੂਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੂੰ ਬਣਾਇਆ ਗਿਆ। ਇਸ ਤੋਂ ਪਹਿਲਾਂ ਪਿੰਡ ਦੇ ਗੁਰਦੁਆਰੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਟਰੈਕਟਰ ਟਰਾਲੀਆਂ ਦਾ ਇੱਕ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ।
ਵੱਖ ਵੱਖ ਥਾਵਾਂ ਤੋਂ ਜਥੇ ਦਿੱਲੀ ਰਵਾਨਾ
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਦਿੱਲੀ ਦੇ ਕਿਸਾਨ ਅੰਦੋਲਨ ਲਈ ਕਿਸਾਨਾਂ ਦਾ ਸਿੰਘੂ ਬਾਰਡਰ ‘ਤੇ ਜਾਣਾ ਨਿਰੰਤਰ ਜਾਰੀ ਹੈ। ਬਲਾਚੌਰ ਤਹਿਸੀਲ ਦੇ ਪਿੰਡ ਦਿਆਲਾਂ ਤੋਂ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਸਿੰਘ ਸਭਾ ਗੁਰਦੁਆਰਾ ਦਿਆਲਾਂ ਤੋਂ ਕਿਸਾਨਾਂ ਦਾ ਜਥਾ ਰਵਾਨਾ ਹੋਇਆ, ਜਿਸ ਵਿੱਚ ਸਾਬਕਾ ਫੌਜੀ ਮਨਮੋਹਨ ਸਿੰਘ ਦਿਆਲ, ਹਰਜੀਤ ਸਿੰਘ ਦਿਆਲ, ਬਲਜਿੰਦਰ ਸਿੰਘ ਨੰਬਰਦਾਰ, ਮੋਹਣ ਸਿੰਘ ਦਿਆਲ, ਜੋਗਾ ਸਿੰਘ, ਤਰਸੇਮ ਸਿੰਘ ਦਿਆਲ, ਬਿੰਦੂ ਸਿੰਘ, ਦੇਸ ਰਾਜ, ਮੈਂਬਰ ਪੰਚਾਇਤ ਦਰਬਾਰਾ ਸਿੰਘ, ਸਾਬਕਾ ਫੌਜੀ ਸੁਰਿੰਦਰ ਸਿੰਘ, ਬਲਕਾਰ ਸਿੰਘ, ਦਿਲਾਵਰ ਸਿੰਘ, ਜਸਵੀਰ ਸਿੰਘ ਅਤੇ ਕਰਨੈਲ ਸਿੰਘ ਆਦਿ ਕਿਸਾਨ ਸ਼ਾਮਲ ਸਨ। ਇਸ ਮੌਕੇ ਸਰਪੰਚ ਜਤਿੰਦਰ ਸਿੰਘ ਅਤੇ ਸਾਬਕਾ ਫੌਜੀ ਮਨਮੋਹਨ ਸਿੰਘ ਦਿਆਲ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਿਆਲਾਂ ਤੋਂ ਵਾਰੋ-ਵਾਰੀ ਹਰ ਹਫਤੇ ਕਿਸਾਨਾਂ ਦਾ ਜਥਾ ਸਿੰਘੂ ਬਾਰਡਰ ਲਈ ਰਵਾਨਾ ਹੋਵੇਗਾ ਅਤੇ ਕਾਲੇ ਕਾਨੂੰਨ ਰੱਦ ਹੋਣ ਤੱਕ ਇਹ ਜਥੇ ਇਸੇ ਤਰ੍ਹਾਂ ਜਾਂਦੇ ਰਹਿਣਗੇ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਪਿੰਡ ਬਾਜਵਾ ਕਲਾਂ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ। ਸਰਪੰਚ ਅਵਤਾਰ ਸਿੰਘ ਤਾਰੀ,ਸਾਬਕਾ ਸਰਪੰਚ ਗੁਰਦੀਪ ਸਿੰਘ ਦੀਪਾ, ਛਿੰਦਰ ਬਾਈ ਅਤੇ ਰੇਸਮ ਸਿੰਘ ਬਾਜਵਾ ਨੇ ਦੱਸਿਆ ਕਿ ਭਾਜਪਾ ਹਕੂਮਤ ਵੱਲੋਂ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਲਈ ਅਪਨਾਏ ਜਾ ਰਹੇ ਕੋਝੇ ਹਥਕੰਡਿਆਂ ਨੂੰ ਕਿਸਾਨ ਏਕਤਾ ਨਾਲ ਹੀ ਮਾਤ ਦਿੱਤੀ ਜਾ ਸਕਦੀ ਹੈ। ਇਸ ਕਰਕੇ ਉਨ੍ਹਾਂ ਨੇ ਪਿੰਡ ਵਿਚੋ ਹਰ ਹਫਤੇ ਕਿਸਾਨਾਂ ਦੇ ਜਥੇ ਦਿੱਲੀ ਰਵਾਨਾ ਕਰਨ ਦਾ ਫੈਸਲਾ ਕੀਤਾ ਹੈ।
ਪਠਾਨਕੋਟ (ਪੱਤਰ ਪੇ੍ਰਕ): ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਅਗਵਾਈ ਹੇਠ ਵੈਟਰਨਰੀ ਇੰਸਪੈਕਟਰਾਂ ਦਾ ਜੱਥਾ ਸਿੰਘੂ ਬਾਰਡਰ ਪੁੱਜਿਆ।ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦਿੱਤੀ।
ਚੇਤਨਪੁਰਾ (ਪੱਤਰ ਪੇ੍ਰਕ): ਪਿੰਡ ਸੈਂਸਰਾ ਕਲਾਂ ਤੋਂ ਸਾਬਕਾ ਸਰਪੰਚ ਸਵਿੰਦਰ ਸਿੰਘ , ਧਨਵੰਤ ਸਿੰਘ ਧੰਨਾ ਅਤੇ ਸੁਖਦੇਵ ਸਿੰਘ ਦੀ ਅਗਵਾਈ ਹੇਠ ਤੀਸਰੀ ਵਾਰ ਜੱਥਾ ਦਿੱਲੀ ਨੂੰ ਰਵਾਨਾ ਹੋਇਆ । ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ਨੇ ਸੰਬੋਧਨ ਕੀਤਾ।