ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਨਵੰਬਰ
ਪੰਜਾਬ ਦੇ ਸਭ ਤੋਂ ਪੁਰਾਣੇ ਪ੍ਰੈੱਸ ਫੋਟੋਗ੍ਰਾਫਰਾਂ ਵਿਚ ਗਿਣੇ ਜਾਂਦੇ ਪਿਆਰੇ ਲਾਲ (83) ਦਾ ਅੱਜ ਦਿਹਾਂਤ ਹੋ ਗਿਆ। ਸ਼ਾਮ ਪੰਜ ਵਜੇ ਦੇ ਕਰੀਬ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਨਵੀਨ ਕੁਮਾਰ ਨੇ ਦਿੱਤੀ। ਲੁਧਿਆਣਾ ਦੇ ਬੱਦੋਵਾਲ ਵਿਚ 1938 ਵਿਚ ਜਨਮੇ ਪਿਆਰੇ ਲਾਲ ਨੇ ਪਹਿਲੀ ਫੋਟੋ 17 ਸਾਲਾਂ ਦੀ ਉਮਰ ਵਿਚ 1955 ’ਚ ਖਿੱਚੀ ਸੀ। ਪਿਆਰੇ ਲਾਲ ਨੇ ਪੰਜਾਬ ਦੀਆਂ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਦੀਆਂ ਤਸਵੀਰਾਂ ਖਿੱਚੀਆਂ ਸਨ, ਜਿਹੜੀਆਂ ਅੱਜ ਵੀ ਯਾਦਗਾਰ ਬਣੀਆਂ ਹੋਈਆਂ ਹਨ। ਉਨ੍ਹਾਂ ਨੇ ਐਥਲੀਟ ਮਿਲਖਾ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਵੀ ਖਿੱਚੀਆਂ ਸਨ।
ਪਿਆਰੇ ਲਾਲ ਨੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਸਮਾਗਮਾਂ ਦੀਆਂ ਜਿਥੇ ਫੋਟੋ ਖਿੱਚੀਆਂ ਸਨ, ਉੱਥੇ ਉਨ੍ਹਾਂ ਨੇ ਪਟਿਆਲਾ ਵਿਚ ਲੱਗੇ ਕਪੂਰੀ ਮੋਰਚੇ ਦੀ ਫੋਟੋਗ੍ਰਾਫੀ ਵੀ ਕੀਤੀ ਸੀ ਜਦੋਂ ਸਤਲੁਜ-ਯਮੁਨਾ ਲਿੰਕ ਨਹਿਰ ਦਾ ਟੱਕ ਲਾਇਆ ਗਿਆ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਮੌਕੇ ਦੀ ਤਸਵੀਰ ਵੀ ਖਿੱਚੀ ਸੀ। ਜਲੰਧਰ ਦੇ ਫਰੈਂਡਜ਼ ਸਿਨੇਮਾ ਕੋਲ ਹੋਏ ਬੰਬ ਧਮਾਕੇ ਦੀ ਤਸਵੀਰ ਵੀ ਉਨ੍ਹਾਂ ਨੇ ਖਿੱਚੀ ਸੀ। ਉਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ ਕੌਮੀ ਤੇ ਸੂਬਾਈ ਪੱਧਰ ਦੀਆਂ ਅਖ਼ਬਾਰਾਂ ਵਿਚ ਛਪਦੀਆਂ ਰਹੀਆਂ ਹਨ। ਪਿਆਰੇ ਲਾਲ ਉਨ੍ਹਾਂ ਸਮਿਆਂ ਦੇ ਫੋਟੋਗ੍ਰਾਫਰ ਸਨ ਜਦੋਂ ਇਕ ਰੁਪਏ ਵਿਚ ਫੋਟੋ ਖਿੱਚ ਕੇ ਗਾਹਕ ਨੂੰ ਦਿੱਤੀ ਜਾਂਦੀ ਸੀ।