ਭੋਗਪੁਰ: ਪਿੰਡ ਡੱਲੀ ਦੇ ਵਸਨੀਕ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੀਨੀਅਰ ਕਿਸਾਨ ਆਗੂ ਅਵਤਾਰ ਸਿੰਘ ਮੱਪਾ ਦੀ ਕਰੋਨਾ ਕਾਰਨ ਮੌਤ ਹੋ ਗਈ। ਕਿਸਾਨ ਆਗੂ ਮੱਪਾ ਨੇ ਵਿਆਹ ਨਹੀਂ ਸੀ ਕਰਾਇਆ ਅਤੇ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਸੰਘਰਸ਼ ਦੇ ਲੇਖੇ ਲਾਈ। ਉਹ ਪਿੰਡ-ਪਿੰਡ ਜਾ ਕੇ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ, ਆੜ੍ਹਤੀਆਂ ਅਤੇ ਵਪਾਰੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੀ ਸਰਹੱਦ ’ਤੇ ਕੀਤੀ ਜਾ ਰਹੇ ਅੰਦੋਲਨ ਵਿੱਚ ਹਿੱਸਾ ਲੈਣ ਲਈ ਲਾਮਬੰਦ ਕਰਨ ਲਈ ਤੱਤਪਰ ਰਹਿੰਦੇ ਸਨ। ਉਨ੍ਹਾਂ ਦਾ ਜੱਦੀ ਪਿੰਡ ਡੱਲੀ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਕਿਸਾਨ ਆਗੂ ਗੁਰਪ੍ਰੀਤ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਕਿਸਾਨ ਆਗੂ ਅਵਤਾਰ ਸਿੰਘ ਮੱਪਾ ਵੱਲੋਂ ਇਲਾਕੇ ਵਿੱਚ ਕਿਸਾਨਾਂ ਦੇ ਹੱਕਾਂ ਅਤੇ ਸਮਾਜ ਲਈ ਕੀਤੇ ਕੰਮ ਸੁਨਹਿਰੀ ਅੱਖਰਾਂ ’ਚ ਲਿਖੇ ਜਾਣਗੇ। -ਪੱਤਰ ਪ੍ਰੇਰਕ