ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 22 ਜੂਨ
ਗੜ੍ਹਸ਼ੰਕਰ ਦੇ ਬੰਗਾ ਰੋਡ ਸਥਿੱਤ ਪਿੰਡ ਚੋਹੜਾ ਦੇ ਕੋਲ ਦਸਮੇਸ਼ ਫਿਲਿੰਗ ਸਟੇਸ਼ਨ ’ਤੇ ਖੜ੍ਹੀ ਕੰਬਾਈਨ ਹੇਠ ਆਉਣ ਨਾਲ ਬੀਤੀ ਰਾਤ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਵਾਸੀ ਡਘਾਮ ਨੇ ਦੱਸਿਆ ਕਿ ਕੰਮ ਤੋਂ ਆਉਣ ਬਾਅਦ ਪੈਟਰੋਲ ਪੰਪ ’ਤੇ ਕੰਬਾਈਨ ਖੜ੍ਹੀ ਕਰਕੇ ਸੰਦੀਪ ਸਿੰਘ ਅਤੇ ਮਲਕੀਤ ਸਿੰਘ ਰਾਤ ਨੂੰ ਕੰਬਾਈਨ ਦੇ ਅੱਗੇ ਬੈਠ ਕੇ ਖਾਣਾ ਖਾਣ ਲੱਗ ਪਏ। ਇਸ ਦੌਰਾਨ ਮਲਕੀਤ ਸਿੰਘ ਕੰਬਾਈਨ ਤੇ ਚੜ੍ਹ ਗਿਆ ਤਾਂ ਪਤਾ ਨਹੀਂ ਕੀ ਹੋਇਆ ਕਿ ਕੰਬਾਈਨ ਚੱਲ ਪਈ ਜਿਸ ਨਾਲ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੋਢੋਂ ਜਿਲ੍ਹਾ ਜਲੰਧਰ ਕੰਬਾਈਨ ਦੇ ਹੇਠਾਂ ਆ ਗਿਆ ਅਤੇ ਮੌਕੇ ’ਤੇ ਮੌਤ ਹੋ ਗਈ। ਦੂਸਰੇ ਪਾਸੇ ਪੁਲੀਸ ਸਟੇਸ਼ਨ ਗੜ੍ਹਸ਼ੰਕਰ ਵਿਖੇ ਇਕੱਠੇ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸੰਦੀਪ ਸਿੰਘ ਦਾ ਕਤਲ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੰਦੀਪ ਸਿੰਘ ਦੇ ਸਿਰ ਵਿੱਚ ਸੱਟਾਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਮੁਖੀ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।